ਵਿਨੇਸ਼ ਫੋਗਾਟ ਨੂੰ ਵੱਡੀ ਰਾਹਤ, ਦਿੱਲੀ ਹਾਈ ਕੋਰਟ ਨੇ ਹਟਾਈ ਪਾਬੰਦੀ, ਜਾਣੋ ਪੂਰਾ ਮਾਮਲਾ
Saturday, May 23, 2026 - 06:50 PM (IST)
ਸਪੋਰਟਸ ਡੈਸਕ- ਭਾਰਤ ਦੀ ਦਿੱਗਜ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ 'ਤੇ ਲੱਗੀ ਪਾਬੰਦੀ ਨੂੰ ਹਟਾਉਂਦੇ ਹੋਏ ਉਨ੍ਹਾਂ ਨੂੰ ਏਸ਼ੀਆਈ ਖੇਡਾਂ 2026 ਦੇ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਕੁਸ਼ਤੀ ਮਹਾਸੰਘ (WFI) ਨੇ ਅਨੁਸ਼ਾਸਨਹੀਣਤਾ ਅਤੇ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਉਨ੍ਹਾਂ 'ਤੇ 26 ਜੂਨ 2026 ਤੱਕ ਪਾਬੰਦੀ ਲਗਾ ਦਿੱਤੀ ਸੀ।
ਚੀਫ ਜਸਟਿਸ ਡੀ.ਕੇ. ਉਪਾਧਿਆਏ ਅਤੇ ਜਸਟਿਸ ਤੇਜ ਕਾਰੀਆ ਦੇ ਬੈਂਚ ਨੇ WFI ਦੀ ਚੋਣ ਨੀਤੀ ਦੀ ਸਖ਼ਤ ਨਿਖੇਧੀ ਕੀਤੀ ਹੈ। ਅਦਾਲਤ ਨੇ ਇਸ ਨੀਤੀ ਨੂੰ 'ਬਾਹਰ ਰੱਖਣ ਵਾਲੀ' ਦੱਸਿਆ ਅਤੇ ਕਿਹਾ ਕਿ ਇਸ ਵਿੱਚ ਮੈਟਰਨਿਟੀ ਬ੍ਰੇਕ ਤੋਂ ਬਾਅਦ ਵਾਪਸੀ ਕਰਨ ਵਾਲੀ ਵਿਨੇਸ਼ ਵਰਗੀ ਵੱਕਾਰੀ ਖਿਡਾਰਨ ਦੇ ਨਾਂ 'ਤੇ ਵਿਚਾਰ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਅਦਾਲਤ ਅਨੁਸਾਰ, WFI ਦੁਆਰਾ ਜਾਰੀ ਕੀਤਾ ਗਿਆ 'ਕਾਰਨ ਦੱਸੋ ਨੋਟਿਸ' ਪਹਿਲਾਂ ਤੋਂ ਸੋਚੇ-ਸਮਝੇ ਮੁੱਦਿਆਂ 'ਤੇ ਅਧਾਰਤ ਜਾਪਦਾ ਸੀ।
ਹਾਈਕੋਰਟ ਦੇ ਹੁਕਮਾਂ ਅਨੁਸਾਰ, ਵਿਨੇਸ਼ ਫੋਗਾਟ ਹੁਣ 30 ਅਤੇ 31 ਮਈ 2026 ਨੂੰ ਹੋਣ ਵਾਲੇ ਟਰਾਇਲਾਂ ਵਿੱਚ ਹਿੱਸਾ ਲੈ ਸਕੇਗੀ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਅਦਾਲਤ ਨੇ ਹਦਾਇਤ ਦਿੱਤੀ ਹੈ ਕਿ ਇਨ੍ਹਾਂ ਟਰਾਇਲਾਂ ਦੀ ਪੂਰੀ ਵੇਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਭਾਰਤੀ ਖੇਡ ਅਥਾਰਟੀ (SAI) ਅਤੇ ਭਾਰਤੀ ਓਲੰਪਿਕ ਸੰਘ (IOA) ਵੱਲੋਂ ਇੱਕ-ਇੱਕ ਸੁਤੰਤਰ ਸੁਪਰਵਾਈਜ਼ਰ ਵੀ ਮੌਜੂਦ ਰਹੇਗਾ।
ਵਿਨੇਸ਼ ਫੋਗਾਟ ਲਗਭਗ 18 ਮਹੀਨਿਆਂ ਬਾਅਦ ਕੁਸ਼ਤੀ ਦੇ ਮੈਦਾਨ ਵਿੱਚ ਵਾਪਸੀ ਕਰ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਉਨ੍ਹਾਂ ਨੇ ਖੇਡ ਤੋਂ ਦੂਰੀ ਬਣਾ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ। ਜ਼ਿਕਰਯੋਗ ਹੈ ਕਿ 2024 ਪੈਰਿਸ ਓਲੰਪਿਕ ਦੌਰਾਨ ਫਾਈਨਲ ਤੋਂ ਕੁਝ ਘੰਟੇ ਪਹਿਲਾਂ ਓਵਰਵੇਟ ਹੋਣ ਕਾਰਨ ਉਨ੍ਹਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਤਮਗੇ ਤੋਂ ਖੁੰਝ ਗਈ ਸੀ।
