ਲਵਲੀਨਾ ਨੇ ਅਸਾਮ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਰਾਸ਼ਟਰਮੰਡਲ ਖੇਡਾਂ ਦਾ ਤਮਗਾ
Monday, Aug 03, 2026 - 12:29 PM (IST)
ਨਵੀਂ ਦਿੱਲੀ- ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਜਿੱਤਿਆ ਆਪਣਾ ਚਾਂਦੀ ਤਮਗਾ ਹੜ੍ਹ ਨਾਲ ਜੂਝ ਰਹੇ ਅਸਾਮ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ।
ਲਵਲੀਨਾ ਨੂੰ ਮਹਿਲਾਵਾਂ ਦੇ 75 ਕਿ. ਗ੍ਰਾ. ਵਰਗ ਦੇ ਫਾਈਨਲ ’ਚ ਆਸਟ੍ਰੇਲੀਆ ਦੀ ਐਮਾ-ਸੂ ਗ੍ਰੀਨਟ੍ਰੀ ਵਿਰੁੱਧ 1-4 ਦੇ ਵੰਡੇ ਫੈਸਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਉਸ ਨੇ ਇਨ੍ਹਾਂ ਖੇਡਾਂ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸੈਮੀਫਾਈਨਲ ਤੋਂ ਕੀਤੀ ਸੀ, ਜਿੱਥੇ ਉਸ ਨੇ ਤੁਵਾਲੂ ਦੀ ਤਾਰੋਨਾ ਖਾਨਮ ਬਾਦੀ ਪਾਸੋਨੀ ਤਾਫਾਕੀ ਨੂੰ 5-0 ਨਾਲ ਹਰਾਇਆ ਸੀ।
ਲਵਲੀਨਾ ਨੇ ਕਿਹਾ, ‘‘ਇਸ ਸਮੇਂ ਅਸਾਮ ਦੀ ਜਿਹੜੀ ਹਾਲਾਤ ਹੈ, ਉਹ ਮੇਰੇ ਲਈ ਕਾਫੀ ਦੁਖਦਾਇਕ ਹੈ। ਅਸਾਮ ਦੇ ਲੋਕਾਂ ਨੂੰ ਇਸ ਹਾਲਾਤ ’ਚ ਦੇਖ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ। ਹੜ੍ਹ ਖਤਮ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।’’
ਅਸਾਮ ’ਚ ਹੜ੍ਹ ਤੋਂ 7 ਜ਼ਿਲਿਆਂ ’ਚ ਲੱਗਭਗ 1.78 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਰਾਜ ’ਚ ਹੜ੍ਹ ਤੋਂ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਮਿਲੀ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 82 ਬਣੀ ਹੋਈ ਹੈ।
ਲਵਲੀਨਾ ਨੇ ਕਿਹਾ, ‘‘ਮੈਂ ਇੱਥੇ ਖੇਡਾਂ ’ਚ ਹਿੱਸਾ ਲੈਣ ਕਾਰਨ ਮੁਸ਼ਕਿਲ ’ਚ ਫਸੇ ਆਪਣੇ ਲੋਕਾਂ ਦੇ ਨਾਲ ਨਹੀਂ ਸੀ। ਅਜਿਹੇ ’ਚ ਮੈਂ ਇਹ ਤਮਗਾ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਸਮਰਪਿਤ ਕਰਦੀ ਹਾਂ।’’
ਫਾਈਨਲ ਮੁਕਾਬਲੇ ਦੌਰਾਨ ਗੋਡੇ ’ਤੇ ਪੱਟੀ ਬੰਨ੍ਹ ਕੇ ਉਤਰਨ ਨੂੰ ਲੈ ਕੇ ਸੱਟਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ, ‘‘ਮੇਰਾ ਗੋਡਾ ਫਾਈਨਲ ਤੋਂ ਪਹਿਲਾਂ ਥੋੜ੍ਹਾ ਜ਼ਖ਼ਮੀ ਸੀ ਪਰ ਮੁੱਕੇਬਾਜ਼ੀ ’ਚ ਇਸ ਤਰ੍ਹਾਂ ਦੀ ਸੱਟ ਆਮ ਗੱਲ ਹੈ ਅਤੇ ਅਸੀਂ ਅਜਿਹੀਆਂ ਸੱਟਾਂ ਦੇ ਨਾਲ ਖੇਡਣ ਦੇ ਆਦੀ ਹਾਂ। ਸਾਨੂੰ ਇਸ ਦੇ ਬਾਵਜੂਦ ਖੇਡਣਾ ਪੈਂਦਾ ਹੈ ਅਤੇ ਇਹੀ ਸਾਡੇ ਲਈ ਚੁਣੌਤੀ ਹੁੰਦੀ ਹੈ।’’
ਲਵਲੀਨਾ ਨੇ ਕਿਹਾ, ‘‘ਹੁਣ ਮੇਰੇ ਲਈ ਏਸ਼ੀਆਈ ਖੇਡਾਂ ਕਾਫੀ ਅਹਿਮ ਹਨ। ਇੱਥੇ ਚਾਂਦੀ ਤਮਗਾ ਮਿਲਣ ਦੀ ਖੁਸ਼ੀ ਹੈ ਪਰ ਜੇਕਰ ਇਹ ਸੋਨ ਤਮਗਾ ਹੁੰਦਾ ਤਾਂ ਹੋਰ ਜ਼ਿਆਦਾ ਖੁਸ਼ੀ ਹੁੰਦੀ। ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਹੈ। ਹੁਣ ਮੇਰਾ ਪੂਰਾ ਧਿਆਨ ਏਸ਼ੀਆਈ ਖੇਡਾਂ ’ਚ ਇਸ ਕਮੀ ਨੂੰ ਪੂਰਾ ਕਰਨ ’ਤੇ ਹੋਵੇਗਾ।’’
