ਨਸੀਮ ਨੂੰ ਅੰਡਰ-19 ਵਿਸ਼ਵ ਕੱਪ ਲਈ ਨਹੀਂ ਭੇਜਣਾ ਚਾਹੀਦਾ : ਹਫੀਜ਼
Tuesday, Dec 24, 2019 - 09:07 PM (IST)

ਲਾਹੌਰ- ਪਾਕਿਸਤਾਨੀ ਟੀਮ 'ਚੋਂ ਬਾਹਰ ਚੱਲ ਰਹੇ ਆਲਰਾਊਂਡਰ ਮੁਹੰਮਦ ਹਫੀਜ਼ ਦਾ ਮੰਨਣਾ ਹੈ ਕਿ ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੂੰ ਅਗਲੇ ਮਹੀਨੇ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਵਿਚ ਨਹੀਂ ਭੇਜਣਾ ਚਾਹੀਦਾ, ਸਗੋਂ ਇਸ 16 ਸਾਲਾ ਗੇਂਦਬਾਜ਼ ਨੂੰ ਤਕਨੀਕੀ ਅਤੇ ਸਰੀਰਕ ਤੌਰ 'ਤੇ ਬਿਹਤਰ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਨਸੀਮ ਨੇ ਆਸਟਰੇਲੀਆ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਸ ਨੂੰ 17 ਜਨਵਰੀ ਤੋਂ 9 ਫਰਵਰੀ ਵਿਚਾਲੇ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ਵਿਚ ਚੁਣਿਆ ਗਿਆ ਹੈ।
ਹਫੀਜ਼ ਨੇ ਇਸ ਸਬੰਧੀ ਟਵੀਟ ਕੀਤਾ, ''ਜੂਨੀਅਰ ਚੋਣ ਕਮੇਟੀ ਨੂੰ ਬੇਨਤੀ ਹੈ ਕਿ ਉਹ ਨਸੀਮ ਸ਼ਾਹ ਨੂੰ ਅੰਡਰ-19 ਵਿਸ਼ਵ ਕੱਪ ਖੇਡਣ ਲਈ ਨਾ ਭੇਜੇ। ਉਹ ਕੌਮਾਂਤਰੀ ਕ੍ਰਿਕਟ ਖੇਡ ਚੁੱਕਾ ਹੈ। ਉਸ ਨੂੰ ਇਸ ਪੱਧਰ 'ਤੇ ਤਕਨੀਕੀ ਅਤੇ ਸਰੀਰਕ ਤੌਰ 'ਤੇ ਬਿਹਤਰ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਹ ਉਸ ਦੀ ਜਗ੍ਹਾ ਕਿਸੇ ਹੋਰ ਤੇਜ਼ ਗੇਂਦਬਾਜ਼ ਨੂੰ ਭੇਜਣ ਦਾ ਚੰਗਾ ਮੌਕਾ ਹੈ।'' ਨਸੀਮ ਨੇ ਸੋਮਵਾਰ ਨੂੰ ਸ਼੍ਰੀਲੰਕਾ ਖਿਲਾਫ 31 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਉਹ ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਉਮਰ ਵਿਚ ਪਾਰੀ ਵਿਚ 5 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ।