ਨਡਾਲ ਦਾ ਦੂਜੀ ਵਾਰ ਆਸਟਰੇਲੀਅਨ ਓਪਨ ਜਿੱਤਣ ਦਾ ਸੁਪਨਾ ਟੁੱਟਾ

Thursday, Jan 30, 2020 - 12:19 AM (IST)

ਨਡਾਲ ਦਾ ਦੂਜੀ ਵਾਰ ਆਸਟਰੇਲੀਅਨ ਓਪਨ ਜਿੱਤਣ ਦਾ ਸੁਪਨਾ ਟੁੱਟਾ

ਮੈਲਬੋਰਨ— ਦੁਨੀਆ ਦੇ ਨੰਬਰ 1 ਖਿਡਾਰੀ ਅਤੇ ਟਾਪ ਸੀਡ ਸਪੇਨ ਦੇ ਰਾਫੇਲ ਨਡਾਲ ਆਸਟ੍ਰੀਆ ਦੇ ਡੋਮਿਨਿਕ ਥਿਏਮ ਹੱਥੋਂ ਕੁਆਰਟਰ ਫਾਈਨਲ ਵਿਚ ਸਭ ਤੋਂ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ। ਇਸ ਦੇ ਨਾਲ ਹੀ ਉਸ ਦਾ ਦੂਜੀ ਵਾਰ ਇਹ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। 5ਵੀਂ ਸੀਡ ਥਿਏਮ ਨੇ ਨਡਾਲ ਨੂੰ 4 ਘੰਟੇ 10 ਮਿੰਟ ਤੱਕ ਚੱਲੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ ਵਿਚ 7-6, 7-6, 4-6, 7-6 ਨਾਲ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਇਸ ਹਾਰ ਨੇ ਨਡਾਲ ਦਾ ਦੂਜੀ ਵਾਰ ਇਹ ਖਿਤਾਬ ਜਿੱਤਣ ਅਤੇ ਨਾਲ ਹੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਸੁਪਨਾ ਵੀ ਤੋੜ ਦਿੱਤਾ।
ਨਡਾਲ ਨੇ ਆਪਣੇ ਕਰੀਅਰ ਵਿਚ ਸਿਰਫ ਇਕ ਵਾਰ 2009 ਵਿਚ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ, ਜਦਕਿ ਉਹ 4 ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਹਾਰਿਆ ਹੈ। ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪਹੁੰਚੇ ਥਿਏਮ ਦਾ ਅਗਲਾ ਮੁਕਾਬਲਾ 7ਵੀਂ ਸੀਡ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨਾਲ ਹੋਵੇਗਾ, ਜਿਸ ਨੇ 1 ਹੋਰ ਕੁਆਰਟਰ ਫਾਈਨਲ ਵਿਚ 5ਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ 2 ਘੰਟੇ 19 ਮਿੰਟ ਵਿਚ 4 ਸੈੱਟਾਂ ਤੱਕ ਚੱਲੇ ਮੁਕਾਬਲੇ ਵਿਚ 1-6, 6-3, 6-4, 6-2 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ-4 ਵਿਚ ਜਗ੍ਹਾ ਬਣਾ ਲਈ।


author

Gurdeep Singh

Content Editor

Related News