ਨਡਾਲ, ਅਲਕਾਰਾਜ਼ ਯੂ. ਐੱਸ. ਓਪਨ ਦੇ ਦੂਜੇ ਦੌਰ ਵਿੱਚ ਪੁੱਜੇ
Wednesday, Aug 31, 2022 - 04:35 PM (IST)
ਸਪੋਰਟਸ ਡੈਸਕ- ਚਾਰ ਵਾਰ ਦੇ ਯੂ. ਐਸ. ਓਪਨ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਰਾਫੇਲ ਨਡਾਲ ਨੇ ਯੂ. ਐੱਸ. ਓਪਨ 2022 ਦੇ ਪਹਿਲੇ ਦੌਰ ਵਿੱਚ ਆਸਟਰੇਲੀਆ ਦੇ ਰਿੰਕੀ ਹਿਜਿਕਾਟਾ ਨੂੰ ਹਰਾਇਆ। ਸਿਨਸਿਨਾਟੀ ਓਪਨ ਦੇ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਏ ਨਡਾਲ ਨੂੰ ਇਸ ਮੈਚ ਵਿੱਚ ਆਪਣੀ ਲੈਅ ਹਾਸਲ ਕਰਨ 'ਚ ਸਮਾਂ ਲੱਗਾ, ਪਰ ਉਸ ਨੇ ਹਿਜਿਕਾਟਾ ਨੂੰ 4-6, 6-2, 6-3, 6-3 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ।
ਆਸਟਰੇਲੀਅਨ ਓਪਨ ਅਤੇ ਫਰੈਂਚ ਓਪਨ ਖਿਤਾਬ ਜਿੱਤਣ ਵਾਲੇ ਨਡਾਲ ਲਈ ਇਹ ਸਾਲ ਚੰਗਾ ਰਿਹਾ ਹੈ, ਹਾਲਾਂਕਿ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਸੱਟ ਲੱਗਣ ਕਾਰਨ ਉਹ ਸਾਲ ਦੇ ਆਪਣੇ ਤੀਜੇ ਗ੍ਰੈਂਡ ਸਲੈਮ ਨੂੰ ਜਿੱਤਣ ਤੋਂ ਖੁੰਝ ਗਿਆ ਸੀ। ਨਡਾਲ ਯੂ. ਐਸ. ਓਪਨ ਜਿੱਤਣ ਦਾ ਮਜ਼ਬੂਤਦਾਅਵੇਦਾਰ ਹੈ ਕਿਉਂਕਿ ਉਸ ਨੇ ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ਵਿੱਚ ਆਪਣੇ ਪਿਛਲੇ 20 ਵਿੱਚੋਂ 19 ਮੈਚ ਜਿੱਤੇ ਹਨ। ਨਾਲ ਹੀ, ਉਹ ਇਸ ਸਾਲ ਇਕ ਵੀ ਗ੍ਰੈਂਡ ਸਲੈਮ ਮੈਚ ਨਹੀਂ ਹਾਰਿਆ ਹੈ।
ਦੂਜੇ ਦੌਰ ਵਿੱਚ ਨਡਾਲ ਦਾ ਸਾਹਮਣਾ ਇਟਲੀ ਦੇ ਫੈਬੀਓ ਫੋਗਨਿਨੀ ਨਾਲ ਹੋਵੇਗਾ। ਦੂਜੇ ਪਾਸੇ ਨਡਾਲ ਦੇ ਹਮਵਤਨ ਕਾਰਲੋਸ ਅਲਕਾਰਾਜ਼ ਨੇ ਆਪਣੇ ਵਿਰੋਧੀ ਅਰਜਨਟੀਨਾ ਦੇ ਸੇਬੇਸਟੀਅਨ ਬਾਇਜ਼ ਦੇ ਜ਼ਖਮੀ ਹੋਣ ਤੋਂ ਬਾਅਦ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। 19 ਸਾਲਾ ਸਪੈਨਿਸ਼ ਖਿਡਾਰੀ ਆਰਥਰ ਐਸ਼ੇ ਸਟੇਡੀਅਮ 'ਚ 7-5, 7-5, 2-0 ਨਾਲ ਅੱਗੇ ਸੀ ਜਦੋਂ ਸੇਬੇਸਟੀਅਨ ਸੱਟ ਕਾਰਨ ਰਿਟਾਇਰ ਹਰਟ ਹੋ ਗਏ ਅਤੇ ਅਲਕਾਰਾਜ਼ ਦੂਜੇ ਦੌਰ 'ਚ ਪਹੁੰਚ ਗਿਆ। ਅਲਕਾਰਾਜ਼ ਦਾ ਸਾਹਮਣਾ ਦੂਜੇ ਦੌਰ ਵਿੱਚ ਅਰਜਨਟੀਨਾ ਦੇ ਫੈਡਰਿਕੋ ਕੋਰੀਆ ਨਾਲ ਹੋਵੇਗਾ।