ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ’ਚ ਮੁਰਲੀ ਕਾਰਤੀਕੇਅਨ ਰਹੇ ਟਾਪ ਭਾਰਤੀਆਂ ’ਚ

Thursday, Oct 10, 2019 - 12:39 AM (IST)

ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ’ਚ ਮੁਰਲੀ ਕਾਰਤੀਕੇਅਨ ਰਹੇ ਟਾਪ ਭਾਰਤੀਆਂ ’ਚ

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ’ਚ ਪਹਿਲੀ ਵਾਰ ਹੋਣ ਵਾਲੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ 15 ਤੋਂ 25 ਅਕਤੂਬਰ ਤਕ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ’ਚ 49 ਦੇਸ਼ਾਂ ਦੇ 188 ਖਿਡਾਰੀ ਆਪਣੀ ਕਲਾ ਦਾ ਜੌਹਰ ਦਿਖਾਉਣਗੇ। ਈਰਾਨ ਦੇ ਗ੍ਰੈਂਡ ਮਾਸਟਰ ਅਮੀਨ ਤਾਪਤਬਾਈ (2642) ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ, ਜਦਕਿ ਭਾਰਤੀਆਂ ’ਚ ਮੁਰਲੀ ਕਾਰਤੀਕੇਅਨ (2617) ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ। ਮੌਜੂਦਾ ਰਾਸ਼ਟਰੀ ਚੈਂਪੀਅਨ ਅਤੇ ਪਿਛਲੇ ਸਾਲ ਦੇ ਕਾਂਸੀ ਤਮਗਾ ਜੇਤੂ ਅਰਵਿੰਦ ਚਿਦਾਂਬਰਮ (2609) ਤੀਜੇ ਦਰਜੇ ਦਾ ਖਿਡਾਰੀ ਹੋਵੇਗਾ। ਲੜਕਿਆਂ ਦੇ ਵਰਗ ’ਚ ਭਾਰਤ ਦੀਆਂ ਨਜ਼ਰਾਂ ਆਰ. ਪ੍ਰਗਿਆਨੰਦ (2567) ’ਤੇ ਵੀ ਹੋਣਗੀਆਂ, ਜਿਸ ਨੂੰ 8ਵਾਂ ਦਰਜਾ ਦਿੱਤਾ ਗਿਆ ਹੈ। ਹੋਰ ਪ੍ਰਮੁੱਖ ਭਾਰਤੀ ਖਿਡਾਰੀਆਂ ’ਚ ਹਰਸ਼ਾ ਭਾਰਤਕੋਠੀ (2530) ਨੂੰ 13ਵਾਂ, ਵਿਸ਼ਾਖ ਐੱਨ. ਆਰ. (2529) ਨੂੰ 14ਵਾਂ, ਇਨੀਅਨ ਪੀ. (2509) ਨੂੰ 16ਵਾਂ ਦਰਜਾ ਦਿੱਤਾ ਗਿਆ ਹੈ।
ਲੜਕੀਆਂ ਦੇ ਵਰਗ ’ਚ ਚੁਣੌਤੀ ਮੁਸ਼ਕਿਲ
ਲੜਕੀਆਂ ਦੇ ਵਰਗ ’ਚ ਭਾਰਤ ਦੀ ਚੁਣੌਤੀ ਮੁਸ਼ਕਿਲ ਰਹੇਗੀ। ਚੀਨ ਦੀ ਹੁ ਜਿਨੇਰ (1507) ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ, ਜਦਕਿ ਭਾਰਤ ਦੀ ਚੋਟੀ ਦੀ ਖਿਡਾਰਨ ਆਰ. ਵੈਸ਼ਾਲੀ (2385) ਨੂੰ 5ਵਾਂ ਦਰਜਾ ਮਿਲਿਆ ਹੈ। ਭਾਰਤ ਦੀ ਇਕ ਹੋਰ ਪ੍ਰਤਿਭਾਸ਼ਾਲੀ ਖਿਡਾਰਨ ਦਿਵਿਆ ਦੇਸ਼ਮੁਖ (2358) ਨੂੰ 9ਵਾਂ, ਰਕਸ਼ਿਤਾ ਰਵੀ (2310) ਨੂੰ 14ਵਾਂ ਅਤੇ ਵੰਤਿਕਾ ਅਗਰਵਾਲ (2283) ਨੂੰ 18ਵਾਂ ਦਰਜਾ ਮਿਲਿਆ ਹੈ।
ਵਿਸ਼ਵਨਾਥਨ ਆਨੰਦ 1984 ’ਚ ਪਹਿਲੀ ਵਾਰ ਬਣਿਆ ਸੀ ਵਿਸ਼ਵ ਜੂਨੀਅਰ ਚੈਂਪੀਅਨ
ਭਾਰਤ ਦੇ ਸ਼ਤਰੰਜ ਇਤਿਹਾਸ ’ਚ ਹੁਣ ਤਕ ਸਭ ਤੋਂ ਪਹਿਲਾ ਵਿਸ਼ਵਨਾਥਨ ਆਨੰਦ 1984 ’ਚ ਫਿਲੀਪੀਂਸ ’ਚ ਵਿਸ਼ਵ ਜੂਨੀਅਰ ਚੈਂਪੀਅਨ ਬਣਿਆ ਸੀ। ਉਸ ਤੋਂ ਬਾਅਦ 2004 ’ਚ ਪੇਂਟਾਲਾ ਹਰੀਕ੍ਰਿਸ਼ਣਾ ਕੋਚੀ, 2008 ’ਚ ਅਭਿਜੀਤ ਗੁਪਤਾ ਤੁਰਕੀ ’ਚ ਪੁਰਸ਼ ਵਰਗ ’ਚ ਇਹ ਖਿਤਾਬ ਜਿੱਤਣ ਵਾਲੇ ਆਖਰੀ ਭਾਰਤੀ ਖਿਡਾਰੀ ਸਨ। ਬਾਲਿਕਾ ਵਰਗ ’ਚ ਸਭ ਤੋਂ ਪਹਿਲਾ ਵਿਸ਼ਵ ਖਿਤਾਬ 2001 ’ਚ ਭਾਰਤ ਦੀ ਕੋਨੇਰੂ ਹੰਪੀ ਨੇ ਗ੍ਰੀਸ, 2008 ’ਚ ਹਰਿਕਾ ਦ੍ਰੋਣਾਵੱਲੀ ਨੇ ਤੁਰਕੀ ਅਤੇ 2009 ’ਚ ਅਰਜਨਟੀਨਾ ’ਚ ਸੌਮਿਆ ਸਵਾਮੀਨਾਥਨ ਨੇ ਆਖਰੀ ਵਾਰ ਆਪਣੇ ਨਾਂ ਕੀਤਾ ਸੀ।


author

Gurdeep Singh

Content Editor

Related News