ਧੋਨੀ ਦੇ ਵੈਸਟਇੰਡੀਜ਼ ਦੌਰੇ ਬਾਰੇ ਆਈ ਮਹੱਤਵਪੂਰਨ ਖਬਰ, ਜਾਣੋ ਪੂਰਾ ਮਾਮਲਾ
Wednesday, Jul 17, 2019 - 04:29 PM (IST)

ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਖ਼ਤਮ ਹੁੰਦੇ ਹੀ ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਅਜਿਹੀਆਂ ਅਫਵਾਹਾਂ ਉਡ ਰਹੀਆਂ ਸਨ ਕਿ ਉਹ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ। ਹਾਲਾਂਕਿ ਬੀ.ਸੀ.ਸੀ.ਆਈ. ਅਤੇ ਟੀਮ ਇੰਡੀਆ ਦੇ ਸਾਰੇ ਖਿਡਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੇ ਸਨ। ਪਰ ਹੁਣ ਉਨ੍ਹਾਂ ਦੇ ਭਵਿੱਖ ਨੂੰ ਲੈਕੇ ਸਸਪੈਂਸ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਖ਼ਬਰਾਂ ਮੁਤਾਬਕ ਰਿਪੋਰਟ ਹੈ ਕਿ ਧੋਨੀ ਵੈਸਟਇੰਡੀਜ਼ ਦੌਰੇ 'ਤੇ ਨਹੀਂ ਖੇਡਣਗੇ ਪਰ ਉਹ ਟੀਮ ਦੇ ਮਾਰਗਦਰਸ਼ਕ ਦੇ ਤੌਰ 'ਤੇ ਜੁੜੇ ਰਹਿਣਗੇ।
ਖ਼ਬਰਾਂ ਮੁਤਾਬਕ ਰਿਪੋਰਟ ਹੈ ਕਿ ਧੋਨੀ ਨੇ ਖ਼ੁਦ ਨੂੰ ਨੂੰ ਕੈਰੇਬੀਆਈ ਦੌਰੇ ਲਈ ਗੈਰ ਹਾਜ਼ਰ ਦੱਸਿਆ ਹੈ। ਉਹ ਵੈਸਟਇੰਡੀਜ਼ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਅਤੇ ਟੀ-20 ਸੀਰੀਜ਼ 'ਚ ਨਹੀਂ ਖੇਡਣਗੇ। ਉਹ ਟੀਮ ਦੇ ਮਾਰਗਦਰਸ਼ਕ ਦੇ ਤੌਰ 'ਤੇ ਜੁੜੇ ਰਹਿਣਗੇ। ਧੋਨੀ ਨੇ ਆਪਣੇ ਕਰੀਅਰ ਦਾ ਚੌਥਾ ਵਨ-ਡੇ ਵਰਲਡ ਕੱਪ ਖੇਡਿਆ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਉਹ ਟੀਮ ਦੇ ਨਾਲ ਵਿਦੇਸ਼ੀ ਅਤੇ ਘਰੇਲੂ ਸੀਰੀਜ਼ ਲਈ ਪਹਿਲੇ ਵਿਕਟਕੀਪਰ ਦੇ ਤੌਰ 'ਤੇ ਨਹੀਂ ਜੁੜਨਗੇ। ਰਿਸ਼ਭ ਪੰਤ ਟੀਮ 'ਚ ਉਨ੍ਹਾਂ ਦੀ ਜਗ੍ਹਾ ਲੈਣਗੇ ਅਤੇ ਪੰਤ ਨੂੰ ਤਿਆਰ ਕੀਤਾ ਜਾਵੇਗਾ। ਇਸ ਦੌਰਾਨ ਧੋਨੀ ਉਨ੍ਹਾਂ ਦੀ ਮਦਦ ਕਰਨਗੇ। ਧੋਨੀ 15 ਮੈਂਬਰੀ ਟੀਮ ਦਾ ਹਿੱਸਾ ਹੋਣਗੇ ਪਰ ਪਲੇਇੰਗ ਇਲੈਵਨ 'ਚ ਨਹੀਂ ਰਹਿਣਗੇ। ਇਸ ਟੀਮ ਨੂੰ ਕਈ ਮੋਰਚੇ 'ਤੇ ਇਕ ਮਾਰਗਦਰਸ਼ਨ ਦੀ ਜ਼ਰੂਰਤ ਪੈਂਦੀ ਹੈ ਅਤੇ ਧੋਨੀ ਟੀਮ ਲਈ ਇਹ ਚੰਗੀ ਤਰ੍ਹਾਂ ਕਰ ਸਕਦੇ ਹਨ।
ਪੰਤ ਤੋਂ ਇਲਾਵਾ ਦਿਨੇਸ਼ ਕਾਰਤਿਕ ਵੀ ਟੀਮ ਦਾ ਹਿੱਸਾ ਰਹਿਣਗੇ। ਕਾਰਤਿਕ ਵੀ 35 ਸਾਲ ਦੇ ਹੋ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦੀ ਫਿੱਟਨੈਸ 'ਤੇ ਫੈਸਲਾ ਚੋਣਕਰਤਾਵਾਂ 'ਤੇ ਨਿਰਭਰ ਕਰਦਾ ਹੈ। ਕਾਰਤਿਕ ਵਰਲਡ ਕੱਪ ਟੀਮ ਦਾ ਹਿੱਸਾ ਸਨ ਪਰ ਭਵਿੱਖ 'ਚ ਉਨ੍ਹਾਂ ਨੂੰ ਧੋਨੀ ਦੀ ਜਗ੍ਹਾ ਮੌਕਾ ਦੇਣ ਦੇ ਬਾਰੇ 'ਚ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਵੈਸਟਇੰਡੀਜ਼ 'ਚ ਤਿੰਨ ਤੋਂ 14 ਅਗਸਤ ਤਕ ਤਿੰਨ ਟੀ-20 ਅਤੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੇਗੀ। ਜਦਕਿ ਟੀਮ ਐਂਟੀਗੁਆ ਅਤੇ ਜਮੈਕਾ 'ਚ ਦੋ ਟੈਸਟ ਮੈਚ ਵੀ ਖੇਡੇਗੀ। ਇਸ ਦੌਰੇ ਲਈ ਟੀਮ ਦੀ ਚੋਣ 19 ਜੁਲਾਈ ਨੂੰ ਹੋਵੇਗੀ।