ਹਾਕੀ ਇੰਡੀਆ ਮਹਿਲਾ ਲੀਗ ਦੀ ਪਹਿਲੀ ਨਿਲਾਮੀ ’ਚ 350 ਤੋਂ ਵੱਧ ਖਿਡਾਰਨਾਂ ’ਤੇ ਲੱਗੇਗੀ ਬੋਲੀ
Tuesday, Oct 15, 2024 - 11:12 AM (IST)
ਨਵੀਂ ਦਿੱਲੀ, (ਭਾਸ਼ਾ)– ਹਾਕੀ ਇੰਡੀਆ ਲੀਗ ਵਿਚ ਪਹਿਲੀ ਵਾਰ ਮਹਿਲਾਵਾਂ ਦੀ ਲੀਗ ਲਈ ਹੋਣ ਵਾਲੀ ਨਿਲਾਮੀ ਵਿਚ ਦੁਨੀਆ ਭਰ ਦੀਆਂ 350 ਤੋਂ ਵੱਧ ਖਿਡਾਰਨਾਂ ’ਤੇ ਮੰਗਲਵਾਰ ਨੂੰ ਇੱਥੇ ਬੋਲੀ ਲੱਗੇਗੀ।
7 ਸਾਲ ਬਾਅਦ ਹਾਕੀ ਇੰਡੀਆ ਲੀਗ ਨਵੇਂ ਰੂਪ ਵਿਚ ਪਰਤ ਰਹੀ ਹੈ, ਜਿਸ ਵਿਚ ਪਹਿਲੀ ਵਾਰ ਮਹਿਲਾਵਾਂ ਦੀ ਵੱਖਰੀ ਲੀਗ ਹੋਵੇਗੀ। ਇਤਿਹਾਸਕ ਨਿਲਾਮੀ ਵਿਚ 250 ਤੋਂ ਵੱਧ ਘਰੇਲੂ ਤੇ 70 ਤੋਂ ਵੱਧ ਵਿਦੇਸ਼ੀ ਖਿਡਾਰਨਾਂ ’ਤੇ ਬੋਲੀ ਲਗਾਈ ਜਾਵੇਗੀ। ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚ ਤਜਰਬੇਕਾਰ ਗੋਲਕੀਪਰ ਸਵਿਤਾ, ਰਾਸ਼ਟਰੀ ਕਪਤਾਨ ਸਲੀਮਾ ਟੇਟੇ, ਡ੍ਰੈਗ ਫਲਿੱਕਰ ਦੀਪਿਕਾ, ਤਜਰਬੇਕਾਰ ਵੰਦਨਾ ਕਟਾਰੀਆ ਤੇ ਫਾਰਵਰਡ ਲਾਲਰੇਮਸਿਮਆਮੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਯੋਗਿਤਾ ਬਾਲੀ, ਲਿਲਿਮਾ ਮਿੰਜ ਤੇ ਨਮਿਤਾ ਟੋਪੋ ਵਰਗੀਆਂ ਸਾਬਕਾ ਖਿਡਾਰਨਾਂ ਨੇ ਵੀ ਨਾਂ ਦਰਜ ਕਰਵਾਏ ਹਨ।
ਕੌਮਾਂਤਰੀ ਖਿਡਾਰਨਾਂ ਵਿਚ ਡੈਲਫਿਨਾ ਮੇਰਿਨੋ (ਅਰਜਨਟੀਨਾ), ਚਾਰਲੈੱਟ ਸਟਾਪੇਨਹੋਰਸਟ (ਜਰਮਨੀ), ਮਾਰੀਆ ਗ੍ਰਾਨਾਟੋ (ਅਰਜਨਟੀਨਾ), ਰਸ਼ੇਲ ਲਿੰਚ (ਆਸਟ੍ਰੇਲੀਆ), ਨਾਈਕ ਲੋਰੇਂਜ (ਜਰਮਨੀ) ਪ੍ਰਮੁੱਖ ਹਨ।
ਐੱਫ. ਆਈ. ਐੱਚ. ਮਹਿਲਾ ਲੀਗ ਦੇ ਪਹਿਲੇ ਸੈਸ਼ਨ ਵਿਚ ਚਾਰ ਟੀਮਾਂ ਹੋਣਗੀਆਂ ਜਦਕਿ ਦੂਜੇ ਸੈਸ਼ਨ ਵਿਚ 2 ਹੋਰ ਟੀਮਾਂ ਨਾਲ ਜੋੜੀਆਂ ਜਾਣਗੀਆਂ। ਇਨ੍ਹਾਂ ਟੀਮਾਂ ਵਿਚ ਸੂਰਮਾ ਹਾਕੀ ਕਲੱਬ, ਬੰਗਾਲ ਟਾਈਗਰਜ਼, ਦਿੱਲੀ ਐੱਸ. ਜੀ. ਪਾਈਪਰਜ਼ ਤੇ ਓਡਿਸ਼ਾ ਵਾਰੀਅਰਜ਼ ਹਨ।