ਏਸ਼ੀਆ ਕੱਪ ਲਈ ਮੋਮੀਨੁਲ ਦੀ ਬੰਗਲਾਦੇਸ਼ ਟੀਮ ''ਚ ਵਾਪਸੀ
Friday, Sep 07, 2018 - 04:05 PM (IST)

ਢਾਕਾ— ਆਪਣੇ ਪ੍ਰਮੁੱਖ ਖਿਡਾਰੀਆਂ ਦੀਆਂ ਸੱਟਾਂ ਤੋਂ ਪਰੇਸ਼ਾਨ ਬੰਗਲਾਦੇਸ਼ ਨੇ ਏਸ਼ੀਆ ਕੱਪ ਦੇ ਲਈ ਟੀਮ 'ਚ ਬੱਲੇਬਾਜ਼ ਮੋਮੀਨੁਲ ਹਕ ਨੂੰ ਸ਼ਾਮਲ ਕੀਤਾ ਹੈ। ਚੋਣਕਰਤਾ ਹਬੀਬੁਲ ਬਸ਼ਰ ਨੇ ਕਿਹਾ, ''ਉਹ ਪਹਿਲੇ ਦਰਜੇ ਦਾ ਬੱਲੇਬਾਜ਼ ਹੈ ਜੋ ਪਾਰੀ ਦੀ ਸ਼ੁਰੂਆਤ ਵੀ ਕਰ ਸਕਦਾ ਹੈ ਅਤੇ ਤੀਜੇ ਨੰਬਰ 'ਤੇ ਵੀ ਖੇਡ ਸਕਦਾ ਹੈ। ਅਸੀਂ ਸੋਚਿਆ ਕਿ ਉਸ ਦੇ ਟੀਮ 'ਚ ਹੋਣ ਨਾਲ ਕਾਫੀ ਫਾਇਦਾ ਮਿਲੇਗਾ।''
ਸਲਾਮੀ ਬੱਲੇਬਾਜ਼ ਤਮਿਮ ਇਕਬਾਲ ਦੀ ਉਂਗਲ 'ਤੇ ਸੱਟ ਲੱਗੀ ਹੈ ਜਦਕਿ ਖੱਬੂ ਬੱਲੇਬਾਜ਼ ਨਜਮੁਲ ਹੁਸੈਨ ਦੇ ਖੱਬੇ ਅੰਗੂਠੇ 'ਤੇ ਸੱਟ ਲੱਗੀ ਹੈ। ਬੰਗਲਾਦੇਸ਼ ਨੂੰ 6 ਦੇਸ਼ਾਂ ਦੇ ਟੂਰਨਾਮੈਂਟ 'ਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ ਨਾਲ ਪੂਲ ਬੀ 'ਚ ਰਖਿਆ ਗਿਆ ਹੈ। ਟੂਰਨਾਮੈਂਟ 15 ਤੋਂ 28 ਸਤੰਬਰ ਤੱਕ ਸੰਯੁਕਤ ਅਰਬ ਅਮੀਰਾਤ 'ਚ ਖੇਡਿਆ ਜਾਵੇਗਾ। ਹਰਫਨਮੌਲਾ ਸ਼ਾਕਿਬ ਅਲ ਹਸਨ ਵੀ ਉਂਗਲ ਦੇ ਆਪਰੇਸ਼ਨ ਦੇ ਕਾਰਨ ਏਸ਼ੀਆ ਕੱਪ ਤੋਂ ਬਾਹਰ ਰਹਿਣਾ ਚਾਹੁੰਦੇ ਸਨ ਪਰ ਬੰਗਲਾਦੇਸ਼ੀ ਕ੍ਰਿਕਟ ਬੋਰਡ ਨੇ ਅਕਤੂਬਰ ਤੱਕ ਉਨ੍ਹਾਂ ਦੀ ਸਰਜਰੀ ਟਾਲ ਕੇ ਉਨ੍ਹਾਂ ਨੂੰ ਖੇਡਣ ਲਈ ਕਿਹਾ ਹੈ।