ਮਿਥੁਨ ਮਿਨਹਾਸ, ਨਿਖਿਲ ਚੋਪੜਾ ਅਤੇ ਕ੍ਰਿਸ਼ਨ ਮੋਹਨ BCCI ਚੋਣਕਰਤਾ ਬਣਨ ਦੀ ਦੌੜ ’ਚ
Friday, Mar 22, 2024 - 10:24 AM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਸਪਿਨਰ ਨਿਖਿਲ ਚੋਪੜਾ, ਦਿੱਲੀ ਦੇ ਤਜਰਬੇਕਾਰ ਬੱਲੇਬਾਜ਼ ਮਿਥੁਨ ਮਿਨਹਾਸ ਅਤੇ ਮੌਜੂਦਾ ਜੂਨੀਅਰ ਚੋਣਕਰਤਾ ਕ੍ਰਿਸ਼ਨ ਮੋਹਨ ਸੀਨੀਅਰ ਰਾਸ਼ਟਰੀ ਟੀਮ ਲਈ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਚੋਣਕਰਤਾ ਬਣਨ ਦੀ ਦੌੜ ’ਚ ਸ਼ਾਮਲ ਹਨ। ਬੀ. ਸੀ. ਸੀ. ਆਈ. ਨੇ ਜਨਵਰੀ ’ਚ 5 ਮੈਂਬਰੀ ਚੋਣ ਕਮੇਟੀ ’ਚ ਇਕ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ।
ਮੌਜੂਦਾ ਸਮੇਂ ’ਚ ਪੱਛਮੀ ਖੇਤਰ ਦੀ ਨੁਮਾਇੰਦਗੀ ਸਲਿਲ ਅੰਕੋਲ ਅਤੇ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਕਰ ਰਹੇ ਹਨ। ਉੱਤਰ ਖੇਤਰ ਦੇ ਨੁਮਾਇੰਦੇ ਲਈ ਸ਼ਾਇਦ ਅੰਕੋਲਾ ਨੂੰ ਆਪਣਾ ਅਹੁਦਾ ਛੱਡਣਾ ਪਵੇਗਾ। ਚੇਤਨ ਸ਼ਰਮਾ ਦੇ ਅਸਤੀਫੇ ਤੋਂ ਬਾਅਦ ਚੋਣ ਕਮੇਟੀ ’ਚ ਉੱਤਰ ਖੇਤਰ ਦਾ ਕੋਈ ਨੁਮਾਇੰਦਾ ਨਹੀਂ ਹੈ। ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਸਤੰਬਰ 2021 ਤੋਂ ਜੂਨੀਅਰ ਚੋਣ ਕਮੇਟੀ ਦੇ ਮੈਂਬਰ ਕ੍ਰਿਸ਼ਨ ਮੋਹਨ ਨੇ ਵੀ ਸੀਨੀਅਰ ਚੋਣ ਕਮੇਟੀ ਦਾ ਮੈਂਬਰ ਬਣਨ ਲਈ ਅਰਜ਼ੀ ਦਿੱਤੀ ਹੈ। ਭਾਰਤ ਦੇ ਸਾਬਕਾ ਵਿਕਟ ਕੀਪਰ ਅਜੇ ਰੱਤਰਾ ਨੇ ਵੀ ਇਸ ਅਹੁਦੇ ਲਈ ਅਰਜ਼ੀ ਦਿੱਤੀ ਹੈ। ਅਰਜ਼ੀਆਂ ਦਾਖਲ ਕਰਨ ਦੀ ਆਖਰੀ ਤਰੀਕ 25 ਜਨਵਰੀ ਸੀ ਪਰ ਸ਼ੁੱਕਰਵਾਰ ਤੋਂ ਆਈ. ਪੀ. ਐੱਲ. ਸ਼ੁਰੂ ਹੋਣ ਦੇ ਕਾਰਨ ਬੋਰਡ ਕੋਲ ਇਹ ਅਹੁਦਾ ਭਰਨ ਲਈ ਅਜੇ ਕਾਫੀ ਸਮਾਂ ਹੈ।
ਬੀ. ਸੀ. ਸੀ. ਆਈ. ਦੇ ਸੂਤਰਾਂ ਨੇ ਕਿਹਾ,‘ਚੋਣਕਰਤਾ ਬਣਨ ਦੀ ਦੌੜ ’ਚ ਕੁਝ ਮਜ਼ਬੂਤ ਉਮੀਦਵਾਰ ਹਨ। ਇਨ੍ਹਾਂ ’ਚ ਮਿਥੁਨ, ਚੋਪੜਾ ਅਤੇ ਮੋਹਨ ਸ਼ਾਮਲ ਹਨ। ਮਿਥੁਨ ਨੇ ਆਪਣੇ ਕਰੀਅਰ ’ਚ 157 ਫਸਟ ਕਲਾਸ ਮੈਚ ਖੇਡੇ ਹਨ ਅਤੇ ਉਹ 2010 ਤੋਂ ਲੈ ਕੇ 2014 ਤੱਕ ਆਈ. ਪੀ. ਐੱਲ. ਦਾ ਹਿੱਸਾ ਵੀ ਰਿਹਾ। ਚੋਪੜਾ ਨੇ ਭਾਰਤ ਵਲੋਂ ਇਕ ਟੈਸਟ ਅਤੇ 39 ਵਨ ਡੇ ਮੈਚ ਖੇਡੇ ਹਨ। ਇਹ ਅਹੁਦੇ ਲਈ ਉਹੀ ਖਿਡਾਰੀ ਅਰਜ਼ੀ ਦੇ ਸਕਦਾ ਹੈ, ਜਿਸ ਨੇ ਘੱਟੋ-ਘੱਟ 7 ਟੈਸਟ ਜਾਂ 30 ਫਸਟ ਕਲਾਸ ਮੈਚ ਖੇਡੇ ਹੋਣ। ਉਸ ਖਿਡਾਰੀ ਦੇ ਨਾਂ ’ਤੇ ਵੀ ਵਿਚਾਰ ਕੀਤਾ ਜਾਵੇਗਾ, ਜਿਸ ਨੂੰ ਘੱਟੋ-ਘੱਟ 10 ਵਨ ਡੇ ਜਾਂ 20 ਫਸਟ ਕਲਾਸ ਮੈਚ ਖੇਡਣ ਦਾ ਤਜਰਬਾ ਹੋਵੇ।