ਮੀਰਾਬਾਈ ਚਾਨੂ ਹੈ ਪ੍ਰੇਰਨਾ ਸਰੋਤ, ਉਨ੍ਹਾਂ ਤੋਂ ਵਧਾਈ ਮਿਲਣਾ ਮਾਣ ਦਾ ਪਲ : ਗੋਲਡ ਜੇਤੂ ਪਾਕਿ ਵੇਟਲਿਫਟਰ

Thursday, Aug 04, 2022 - 07:08 PM (IST)

ਮੀਰਾਬਾਈ ਚਾਨੂ ਹੈ ਪ੍ਰੇਰਨਾ ਸਰੋਤ, ਉਨ੍ਹਾਂ ਤੋਂ ਵਧਾਈ ਮਿਲਣਾ ਮਾਣ ਦਾ ਪਲ : ਗੋਲਡ ਜੇਤੂ ਪਾਕਿ ਵੇਟਲਿਫਟਰ

ਬਰਮਿੰਘਮ- ਜਿਵੇਂ ਹੀ ਵੇਟਲਿਫਟਰ ਨੂਹ ਦਸਤਗੀਰ ਬੱਟ ਨੇ ਇੱਥੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਲਈ ਪਹਿਲਾ ਤਮਗਾ ਜਿੱਤਿਆ ਤਾਂ ਸਭ ਤੋਂ ਪਹਿਲਾਂ ਉਸ ਨੂੰ ਵਧਾਈ ਦੇਣ ਲਈ ਕਿਸੇ ਹੋਰ ਦਾ ਹੱਥ ਨਹੀਂ ਸਗੋਂ - ਭਾਰਤੀ ਸੁਪਰਸਟਾਰ ਮੀਰਾਬਾਈ ਚਾਨੂ ਦਾ ਹੱਥ ਅੱਗੇ ਆਇਆ। ਓਲੰਪਿਕ ਤਮਗਾ ਜਿੱਤ ਕੇ ਚਾਨੂ 'ਸੁਪਰਸਟਾਰ' ਦੀ ਸ਼੍ਰੇਣੀ 'ਚ ਸ਼ਾਮਲ ਹੋ ਗਈ ਹੈ ਅਤੇ ਉਹ ਭਾਰਤ ਦੇ ਵੇਟਲਿਫਟਰਾਂ ਲਈ ਹੀ ਨਹੀਂ ਸਗੋਂ ਗੁਆਂਢੀ ਦੇਸ਼ਾਂ ਲਈ ਵੀ 'ਆਈਕਨ' ਬਣ ਗਈ ਹੈ।

ਇਹ ਵੀ ਪੜ੍ਹੋ : ਅਨਫਿੱਟ ਕਹਿ ਕੇ ਕਰ ਦਿੱਤਾ ਸੀ ਬਾਹਰ, 30 ਕਿਲੋ ਭਾਰ ਘਟਾ ਕੇ ਟੀਮ 'ਚ ਬਣਾਈ ਥਾਂ ਤੇ ਜਿੱਤਿਆ ਸਿਲਵਰ

ਬੱਟ ਨੇ ਪੁਰਸ਼ਾਂ ਦੇ 109 ਤੋਂ ਜ਼ਿਆਦਾ ਕਿ. ਗ੍ਰਾ. ਵਰਗ 'ਚ ਰਿਕਾਰਡ 405 ਕਿ. ਗ੍ਰਾ. ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਅਤੇ ਇਸ ਤੋਂ ਬਾਅਦ ਉਸ ਨੇ ਕਿਹਾ, 'ਮੇਰੇ ਲਈ ਇਹ ਮਾਣ ਵਾਲਾ ਪਲ ਸੀ ਜਦੋਂ ਉਸ (ਚਾਨੂ) ਨੇ ਮੈਨੂੰ ਵਧਾਈ ਦਿੱਤੀ ਅਤੇ ਮੇਰੇ ਪ੍ਰਦਰਸ਼ਨ ਦੀ ਤਾਰੀਫ ਕੀਤੀ।' ਪਾਕਿਸਤਾਨ ਦੇ 24 ਸਾਲਾ ਵੇਟਲਿਫਟਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸਨੈਚ 'ਚ 173 ਕਿ. ਗ੍ਰਾ., ਕਲੀਨ ਐਂਡ ਜਰਕ 232 ਕਿ. ਗ੍ਰਾਅਤੇ ਕੁੱਲ 405 ਕਿ. ਗ੍ਰਾ ਭਾਰ ਚੁੱਕ ਕੇ ਤਿੰਨੋਂ ਰਿਕਾਰਡ ਤੋੜ ਦਿੱਤੇ।

ਬੱਟ ਨੇ ਕਿਹਾ, 'ਅਸੀਂ ਮੀਰਾਬਾਈ ਨੂੰ ਪ੍ਰੇਰਨਾ ਦੇ ਸਰੋਤ ਵਜੋਂ ਦੇਖਦੇ ਹਾਂ। ਉਸ ਨੇ ਸਾਨੂੰ ਦਿਖਾਇਆ ਕਿ ਅਸੀਂ ਦੱਖਣੀ ਏਸ਼ੀਆਈ ਦੇਸ਼ਾਂ ਦੇ ਅਥਲੀਟ ਵੀ ਓਲੰਪਿਕ ਮੈਡਲ ਜਿੱਤ ਸਕਦੇ ਹਾਂ। ਜਦੋਂ ਉਸ ਨੇ ਟੋਕੀਓ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਿਆ ਤਾਂ ਸਾਨੂੰ ਸਾਰਿਆਂ ਨੂੰ ਉਸ 'ਤੇ ਕਾਫ਼ੀ ਫ਼ਕਰ ਹੋਇਆ। ਗੁਰਦੀਪ ਸਿੰਘ ਨੇ ਵੀ ਭਾਰਤ ਲਈ ਇਸੇ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਬੱਟ ਉਸ ਨੂੰ ਆਪਣਾ ਕਰੀਬੀ ਦੋਸਤ ਮੰਨਦਾ ਹੈ। ਬੱਟ ਨੇ ਕਿਹਾ, 'ਅਸੀਂ ਪਿਛਲੇ ਸੱਤ-ਅੱਠ ਸਾਲਾਂ ਤੋਂ ਬਹੁਤ ਚੰਗੇ ਦੋਸਤ ਹਾਂ। ਅਸੀਂ ਅਕਸਰ ਵਿਦੇਸ਼ਾਂ ਵਿੱਚ ਇਕੱਠੇ ਟ੍ਰੇਨਿੰਗ ਕਰਦੇ ਹਾਂ। ਅਸੀਂ ਹਮੇਸ਼ਾ ਸੰਪਰਕ ਵਿੱਚ ਰਹਿੰਦੇ ਹਾਂ।' ਉਸ ਲਈ ਇਹ 'ਭਾਰਤ-ਪਾਕਿ' ਮੁਕਾਬਲਾ ਨਹੀਂ ਸੀ, ਸਗੋਂ ਖ਼ੁਦ ਨੂੰ ਸਰਵਸ੍ਰੇਸ਼ਠ ਕਰਨ ਦੀ ਨਿੱਜੀ ਚੁਣੌਤੀ ਸੀ ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗ਼ਾ ਜੇਤੂ ਗੁਰਦੀਪ ਸਿੰਘ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ 

ਬੱਟ ਨੇ ਗੁਰਦੀਪ ਬਾਰੇ ਕਿਹਾ, 'ਅਜਿਹਾ ਨਹੀਂ ਸੀ ਕਿ ਮੈਂ ਕਿਸੇ ਭਾਰਤੀ ਵੇਟਲਿਫਟਰ ਨਾਲ ਮੁਕਾਬਲਾ ਕਰ ਰਿਹਾ ਸੀ। ਮੈਂ ਸਿਰਫ਼ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਅਤੇ ਤਮਗਾ ਜਿੱਤਣਾ ਚਾਹੁੰਦਾ ਸੀ।' ਗੁਰਦੀਪ ਭਾਰਤ ਲਈ ਪਲੱਸ ਭਾਰ ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਵੇਟਲਿਫਟਰ ਬਣ ਗਿਆ ਹੈ। ਬੱਟ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਦੋ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ। ਪਹਿਲਾ ਟੂਰਨਾਮੈਂਟ 2015 ਵਿੱਚ ਪੁਣੇ ਵਿੱਚ ਯੂਥ ਕਾਮਨਵੈਲਥ ਚੈਂਪੀਅਨਸ਼ਿਪ ਸੀ ਅਤੇ ਦੂਜਾ ਅਗਲੇ ਸਾਲ ਗੁਹਾਟੀ ਵਿੱਚ ਦੱਖਣੀ ਏਸ਼ੀਆਈ ਖੇਡਾਂ ਸੀ। ਉਨ੍ਹਾਂ ਕਿਹਾ, 'ਮੈਂ ਦੋ ਵਾਰ ਭਾਰਤ ਗਿਆ ਹਾਂ ਅਤੇ ਮੈਨੂੰ ਜੋ ਸਮਰਥਨ ਮਿਲਿਆ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਮੈਂ ਫਿਰ ਤੋਂ ਭਾਰਤ ਜਾਣਾ ਚਾਹੁੰਦਾ ਹਾਂ।' ਉਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨਾਲੋਂ ਭਾਰਤ 'ਚ ਮੇਰੇ ਜ਼ਿਆਦਾ ਪ੍ਰਸ਼ੰਸਕ ਹਨ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News