ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਹੋਰ ਦੌੜਾਂ ਬਣਾਉਣੀਆਂ ਪੈਣਗੀਆਂ : PBKS ਦੇ ਗੇਂਦਬਾਜ਼ੀ ਕੋਚ ਲਾਂਗੇਵੇਲਟ
Tuesday, Apr 23, 2024 - 04:49 PM (IST)
ਮੁੱਲਾਂਪੁਰ (ਚੰਡੀਗੜ੍ਹ), (ਭਾਸ਼ਾ)– ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਕੋਚ ਚਾਰਲ ਲਾਂਗੇਵੇਲਟ ਨੇ ਗੁਜਰਾਤ ਟਾਈਟਨਸ ਦੇ ਹੱਥੋਂ ਆਈ. ਪੀ. ਐੱਲ. ਦੇ ਮੈਚ ਵਿਚ 3 ਵਿਕਟਾਂ ਨਾਲ ਹਾਰ ਤੋਂ ਬਾਅਦ ਕਿਹਾ ਕਿ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਹੋਰ ਦੌੜਾਂ ਬਣਾਉਣੀਆਂ ਪੈਣਗੀਆਂ। ਪੰਜਾਬ ਕਿੰਗਜ਼ ਨੇ ਤੇਜ਼ ਸ਼ੁਰੂਆਤ ਕਰਕੇ 5 ਓਵਰਾਂ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 45 ਦੌੜਾਂ ਬਣਾ ਲਈਆਂ ਸਨ ਪਰ ਉਸ ਤੋਂ ਬਾਅਦ 7 ਵਿਕਟਾਂ 47 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਤੇ ਪੂਰੀ ਟੀਮ 142 ਦੌੜਾਂ ’ਤੇ ਆਊਟ ਹੋ ਗਈ। ਇਹ 8 ਮੈਚਾਂ ਵਿਚ ਉਸਦੀ 6ਵੀਂ ਹਾਰ ਰਹੀ।
ਲਾਂਗੇਵੇਲਟ ਨੇ ਕਿਹਾ, ‘‘ਨਿਰਾਸ਼ਾਜਨਕ। ਖਿਡਾਰੀ, ਸਟਾਫ ਤੇ ਪ੍ਰਸ਼ੰਸਕ ਸਾਰੇ ਦੁਖੀ ਹਨ। ਅਸੀਂ ਗੇਂਦਬਾਜ਼ੀ ਚੰਗੀ ਕੀਤੀ, ਪਾਵਰਪਲੇਅ ਵਿਚ ਬੱਲੇਬਾਜ਼ੀ ਵੀ ਚੰਗੀ ਸੀ ਪਰ ਵਿਚਾਲੇ ਦੇ ਓਵਰਾਂ ਵਿਚ ਸਾਡੇ ਬੱਲੇਬਾਜ਼ ਉਨ੍ਹਾਂ ਦੇ ਸਪਿਨਰਾਂ ਸਾਹਮਣੇ ਜੂਝਦੇ ਦਿਸੇ। ਮੱਧਕ੍ਰਮ ਨੂੰ ਹੋਰ ਦੌੜਾਂ ਬਣਾਉਣੀਆਂ ਪੈਣਗੀਆਂ। ਅਸੀਂ ਇਸ ਵਿਕਟ ’ਤੇ 20 ਦੌੜਾਂ ਨਾਲ ਪਿੱਛੇ ਰਹਿ ਗਏ। ਹੁਣ ਸਾਨੂੰ ਦੂਜੇ ਮੈਦਾਨਾਂ ’ਤੇ ਮੈਚ ਖੇਡਣੇ ਹਨ ਜਿਹੜੀਆਂ ਬੱਲੇਬਾਜ਼ੀ ਲਈ ਬਿਹਤਰ ਵਿਕਟਾਂ ਹੋਣਗੀਆਂ। ਉਮੀਦ ਹੈ ਕਿ ਇਸ ਨਾਲ ਬੱਲੇਬਾਜ਼ਾਂ ਨੂੰ ਹੋਰ ਆਤਮਵਿਸ਼ਵਾਸ ਮਿਲੇਗਾ। ਅਸੀਂ ਹਰ ਮੈਚ ਨੂੰ ਸੈਮੀਫਾਈਨਲ, ਫਾਈਨਲ ਦੀ ਲੈ ਕੇ ਖੇਡਾਂਗੇ।’’