ਮਾਈਕਲ ਵਾਨ ਨੇ ENG-AUS ਦੇ ਖਿਡਾਰੀਆਂ ਨੂੰ ਲੈ ਕੇ ਉਠਾਏ ਸਵਾਲ, ਕਿਹਾ IPL ’ਚ ਖੇਡਣ ਦੀ ਕਿਵੇਂ ਮਿਲੀ ਇਜਾਜ਼ਤ
Wednesday, Apr 28, 2021 - 06:14 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੁਨੀਆ ਦੇ ਸਭ ਤੋਂ ਵੱਡੇ ਸਾਲਾਨਾ ਕ੍ਰਿਕਟ ਸਮਾਗਮ ਦੀ ਤਰ੍ਹਾਂ ਹੈ ਪਰ ਇਸ ਸਮੇਂ ’ਚ ਕੋਵਿਡ-19 ਦੀ ਵਜ੍ਹਾ ਨਾਲ ਪੂਰੇ ਦੇਸ਼ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ। ਅਜਿਹੇ ’ਚ ਪ੍ਰਸ਼ਾਸਨ ਦਾ ਇਸ ਟੀ-20 ਲੀਗ ਨੂੰ ਇਸ ਦੇਸ਼ ’ਚ ਖੇਡਣ ਦੀ ਇਜਾਜ਼ਤ ਦੇਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਵਰਤਮਾਨ ਸਮੇਂ ’ਚ ਕ੍ਰਿਕਟ ਦੀ ਖੇਡ ਦੇ ਮਾਹਰ ਮੰਨੇ ਜਾਣ ਵਾਲੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੂੰ ਅਜਿਹਾ ਲਗਦਾ ਹੈ ਕਿ ਇਸ ਟੀ-20 ਲੀਗ ਨੂੰ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਰਬਾਂ ਲੋਕਾਂ ਨੂੰ ਖ਼ੁਸ਼ੀ ਮਿਲਦੀ ਹੈ। ਪਰ ਇਸ ਦੇ ਨਾਲ ਹੀ ਆਈ. ਪੀ. ਐੱਲ. ਦੇ ਚਲ ਰਹੇ ਇਸ 14ਵੇਂ ਸੀਜ਼ਨ ਦੇ ਇਕ ਪਹਿਲੂ ਨੇ ਵਾਨ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿਲਾ ਟੀ20 ਚੈਲੇਂਜ ਦਾ ਆਯੋਜਨ ਸੰਭਵ ਨਹੀਂ: ਬੀ.ਸੀ.ਸੀ.ਆਈ. ਸੂਤਰ
ਭਾਰਤ ’ਚ ਹਰ ਰੋਜ਼ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਇਨਫ਼ੈਕਸ਼ਨ ਦੇ ਮਾਮਲੇ ਰੋਜ਼ਨਾ ਆ ਰਹੇ ਹਨ। ਦੇਸ਼ ਭਰ ਦੇ ਜ਼ਿਆਦਾਤਰ ਖੇਤਰਾਂ ’ਚ ਸਖਤ ਪਾਬੰਦੀਆਂ ਤੇ ਕਰਫ਼ਿਊ ਲਾਏ ਗਏ ਹਨ। ਕੋਵਿਡ-19 ਨਾਲ ਇਨਫ਼ੈਕਟਿਡ ਰੋਗੀਆਂ ਦੀ ਅਸਮਾਨ ਛੂਹੰਦੀ ਗਿਣਤੀ ਤੇ ਉਨ੍ਹਾਂ ਦਾ ਇਲਾਜ ਸਿਹਤ ਖੇਤਰ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਹਾਲਾਂਕਿ ਅਜਿਹੇ ’ਚ ਕ੍ਰਿਕਟਰਾਂ ਦੇ ਆਈ. ਪੀ. ਐੱਲ. ’ਚ ਹਿੱਸਾ ਲੈਣ ’ਚ ਖ਼ਦਸ਼ਾ ਸਮਝ ਆਉਂਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਖਿਡਾਰੀਆਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਬਾਇਓ-ਬਬਲ ਦਾ ਇੰਤਜ਼ਾਮ ਕੀਤਾ ਹੈ। ਆਈ. ਪੀ. ਐੱਲ. ਦਾ 14ਵਾਂ ਸੀਜ਼ਨ ਬੜੇ ਹੀ ਆਰਾਮ ਨਾਲ ਜਾਰੀ ਸੀ ਪਰ ਕੁਝ ਖਿਡਾਰੀਆਂ ਐਡਮ ਜ਼ਾਂਪਾ, ਕੇਨ ਰਿਚਰਡਸਨ, ਐਂਡਿ੍ਰਊ ਟਾਏ ਤੇ ਲਿਆਮ ਲਿਵਿੰਗਸਟੋਨ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਲੀਗ ਦੇ ਵਿਚਾਲੇ ਹੀ ਆਪਣਾ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ। ਹੁਣ ਇਸ ਟੂਰਨਾਮੈਂਟ ’ਤੇ ਵੀ ਸਵਾਲ ਉੱਠਣ ਲੱਗੇ ਹਨ।
ਹਾਲਾਂਕਿ ਲੀਗ ਦੇ ਬਾਕੀ ਵਿਦੇਸ਼ੀ ਖਿਡਾਰੀ ਆਪਣੀ ਵਚਨਬੱਧਤਾ ’ਤੇ ਟਿੱਕੇ ਹੋਏ ਹਨ। ਅਜਿਹੇ ’ਚ ਮਾਈਕਲ ਵਾਨ ਨੇ ਇਕ ਟਵੀਟ ਕਰਕੇ ਵਿਦੇਸ਼ੀ ਖਿਡਾਰੀਆਂ ਦੇ ਆਈ. ਪੀ. ਐੱਲ. ’ਚ ਖੇਡਣ ਨੂੰ ਲੈ ਕੇ ਸਵਾਲ ਚੁੱਕਿਆ ਹੈ। ਵਾਨ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਮੈਨੂੰ ਲਗਦਾ ਹੈ ਕਿ ਆਈ. ਪੀ. ਐੱਲ. ਜਾਰੀ ਰਹਿਣਾ ਚਾਹੀਦਾ ਹੈ। ਇਸ ਭਿਆਨਕ ਸਥਿਤੀ ’ਚ ਹਰ ਸ਼ਾਮ ਅਰਬਾਂ ਲੋਕਾਂ ਦੀ ਖ਼ੁਸ਼ੀ ਮਹੱਤਵਪੂਰਨ ਹੈ... ਪਰ ਮੈਨੂੰ ਇਹ ਸੋਚਣ ’ਚ ਮੁਸ਼ਕਲ ਹੋ ਰਹੀ ਹੈ ਕਿ ਕਿਵੇਂ ਦੱਖਣੀ ਅਫ਼ਰੀਕਾ ਦੌਰੇ ’ਤੇ ਇੰਗਲੈਂਡ ਤੇ ਆਸਟੇਰਲੀਆ ਨੇ ਖ਼ੁਦ ਆਪਣੇ ਹੱਥ ਵਾਪਸ ਖਿੱਚ ਲਏ ਸਨ ਪਰ ਅਜੇ ਵੀ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਨੂੰ ਭਾਰਤ ’ਚ ਖੇਡਣ ਦੀ ਇਜਾਜ਼ਤ ਹੈ!!!’’
ਇਹ ਵੀ ਪੜ੍ਹੋ : IPL ਦੇ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਜਹਾਜ਼ ’ਤੇ ਕੀਤਾ ਜਾ ਰਿਹੈ ਵਿਚਾਰ
ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਖਿਡਾਰੀਆਂ ਨੇ ਦੱਖਣੀ ਅਫ਼ਰੀਕਾ ਦੌਰੇ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ। ਦਰਅਸਲ ਉਕਤ ਦੋਵੇਂ ਟੀਮਾਂ ਦੇ ਕੈਂਪ ’ਚ ਹੋਟਲ ਦੇ ਸਟਾਫ਼ ’ਚ ਕੋਰੋਨਾ ਵਾਇਰਸ ਹੋਣ ਦੇ ਬਾਅਦ ਇੰਗਲੈਂਡ ਨੇ ਇਹ ਫ਼ੈਸਲਾ ਕੀਤਾ ਸੀ। ਇੰਗਲੈਂਡ ਤੇ ਵੇਲਸ ਬੋਰਡ (ਈ. ਸੀ. ਬੀ.) ਨੇ ਆਪਣੇ ਖਿਡਾਰੀਆਂ ਨੂੰ ਦੱਖਣੀ ਅਫ਼ਰੀਕਾ ਦਾ ਬਾਇਓ-ਬਬਲ ਤੋੜ ਕੇ ਵਾਪਸ ਬੁਲਾਉਣ ਦਾ ਫ਼ੈਸਲਾ ਲਿਆ ਸੀ, ਕਿਉਂਕਿ ਇਹ ਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।