ਮਾਈਕਲ ਵਾਨ ਦਾ ਵੱਡਾ ਬਿਆਨ- ਪੈਸੇ ਤੇ ਆਈ. ਪੀ. ਐੱਲ. ਨੂੰ ਲੈ ਕੇ ਮੈਨਚੈਸਟਰ ਟੈਸਟ ਮੈਚ ਹੋਇਆ ਰੱਦ

Saturday, Sep 11, 2021 - 07:00 PM (IST)

ਮਾਈਕਲ ਵਾਨ ਦਾ ਵੱਡਾ ਬਿਆਨ- ਪੈਸੇ ਤੇ ਆਈ. ਪੀ. ਐੱਲ. ਨੂੰ ਲੈ ਕੇ ਮੈਨਚੈਸਟਰ ਟੈਸਟ ਮੈਚ ਹੋਇਆ ਰੱਦ

ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਭਾਰਤ ਤੇ ਇੰਗਲੈਂਡ ਦਰਮਿਆਨ ਮੈਨਚੈਸਟਰ ਟੈਸਟ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਖਿਡਾਰੀ ਜੇਕਰ ਕੋਵਿਡ ਪਾਜ਼ੇਟਿਵ ਆਉਂਦੇ ਜਾਂਦੇ ਤਾਂ ਫਿਰ ਉਨ੍ਹਾਂ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਹਟਣ ਦਾ ਡਰ ਸੀ। ਭਾਰਤ ਤੇ ਇੰਗਲੈਂਡ ਦਰਮਿਆਨ ਪੰਜਵਾਂ ਤੇ ਆਖ਼ਰੀ ਟੈਸਟ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਸਹਿਯੋਗੀ ਫ਼ਿਜ਼ੀਓ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਸੀ।

ਵਾਨ ਨੇ ਇਕ ਅਖ਼ਬਾਰ ਦੇ ਲੇਖ 'ਚ ਲਿਖਿਆ ਕਿ ਸੱਚ ਕਹਾਂ ਤਾਂ ਇਹ ਸਭ ਪੈਸੇ ਤੇ ਆਈ. ਪੀ. ਐੱਲ. ਲਈ ਹੈ। ਟੈਸਟ ਮੈਚ ਇਸ ਲਈ ਰੱਦ ਹੋਇਆ ਕਿਉਂਕਿ ਖਿਡਾਰੀਆਂ ਨੂੰ ਡਰ ਸੀ ਕਿ ਜੇਕਰ ਉਹ ਕੋਵਿਡ ਪਾਜ਼ੇਟਿਵ ਆ ਗਏ ਤਾਂ ਉਹ ਆਈ. ਪੀ. ਐੱਲ ਨਹੀਂ ਖੇਡ ਸਕਣਗੇ। ਇਕ ਹੀ ਹਫ਼ਤੇ 'ਚ ਅਸੀਂ ਦੇਖਾਂਗੇ ਕਿ ਖਿਡਾਰੀ ਆਈ. ਪੀ. ਐੱਲ. 'ਚ ਖੇਡ ਰਹੇ ਹਨ ਤੇ ਪ੍ਰੈਕਟਿਸ ਕਰਦੇ ਹੋਏ ਹਸਦੇ ਜਿਹਰੇ ਦੇਖਣ ਨੂੰ ਮਿਲਣਗੇ। ਪਰ ਉਨ੍ਹਾਂ ਨੂੰ ਪੀ.ਸੀ.ਆਰ. ਟੈਸਟ 'ਤੇ ਭਰੋਸਾ ਕਰਨਾ ਚਾਹੀਦਾ ਸੀ।

ਵਾਨ ਨੇ ਅੱਗੇ ਲਿਖਿਆ ਕਿ ਕ੍ਰਿਕਟ ਨੂੰ ਇਸ ਸਮੇਂ ਟੈਸਟ ਮੈਚ ਦੀ ਲੋੜ ਹੈ। ਸੀਰੀਜ਼ ਸ਼ਾਨਦਾਰ ਢੰਗ ਨਾਲ ਤਿਆਰ ਕੀਤੀ ਗਈ ਸੀ। ਇਹ ਹਜ਼ਮ ਹੋਣ ਵਾਲੀ ਗੱਲ ਨਹੀਂ ਹੈ ਕਿ ਟਾਸ ਤੋਂ ਠੀਕ 90 ਮਿੰਟ ਪਹਿਲਾਂ ਇਕ ਟੈਸਟ ਮੈਚ ਰੱਦ ਕੀਤਾ ਜਾ ਸਕਦਾ ਹੈ। ਇਹ ਟੈਸਟ ਦੇਖਣ ਵਾਲੀ ਜਨਤਾ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਅਪਮਾਨਜਨਕ ਹੈ। 


author

Tarsem Singh

Content Editor

Related News