ਪਲਿਸਕੋਵਾ ਨੂੰ ਹਰਾ ਕੇ ਮਿਆਮੀ ਓਪਨ ਦੇ ਫਾਈਨਲ 'ਚ ਬਾਰਟੀ ਬਣੀ ਚੈਂਪੀਅਨ
Sunday, Mar 31, 2019 - 04:41 PM (IST)

ਮਿਆਮੀ— ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਇੱਥੇ ਡਬਲਯੂ. ਟੀ. ਏ. ਮਿਆਮੀ ਓਪਨ ਦੇ ਫਾਈਨਲ ਵਿਚ ਉਲਟਫੇਰ ਕਰਦਿਆਂ ਪੰਜਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨੂੰ ਹਰਾ ਕੇ ਆਪਣੇ ਸਿੰਗਲਜ਼ ਕਰੀਅ੍ਰ ਦਾ ਸਭ ਤੋਂ ਵੱਡਾ ਖਿਤਾਬ ਜਿੱਤਿਆ। 22 ਸਾਲਾ ਇਸ ਖਿਡਾਰਨ ਨੇ ਪਿਲਸਕੋਵਾ ਨੂੰ 7-6, 6-3 ਨਾਲ ਹਰਾਇਆ। ਬਾਰਟੀ ਮਿਆਮੀ ਓਪਨ ਦੀ ਚੈਂਪੀਅਨ ਬਣਨ ਤੋਂ ਬਾਅਦ ਰੈਂਕਿੰਗ ਵਿਚ 11ਵੇਂ ਤੋਂ 9ਵੇਂ ਸਥਾਨ 'ਤੇ ਪਹੁੰਚ ਜਾਵੇਗੀ। ਉਹ ਡਬਲਯੂ. ਟੀ. ਏ. ਰੈਂਕਿੰਗ ਵਿਚ ਸਾਮੰਥਾ ਸਟੋਸੁਰ (2013) ਤੋਂ ਬਾਅਦ ਟਾਪ-10 ਵਿਚ ਜਗ੍ਹਾ ਬਣਾਉਣ ਵਾਲੀ ਦੂਜੀ ਆਸਟਰੇਲੀਆਈ ਖਿਡਾਰਨ ਬਣੇਗੀ।
ਵਿੰਬਲਡਨ ਜੂਨੀਅਰ ਦਾ ਖਿਤਾਬ 15 ਸਾਲ ਦੀ ਉਮਰ ਵਿਚ ਜਿੱਤਣ ਵਾਲੀ ਬਾਰਟੀ ਨੇ ਪੰਜ ਸਾਲ ਪਹਿਲਾਂ ਮਾਨਸਿਕ ਤਣਾਅ ਦਾ ਹਵਾਲਾ ਦਿੰਦੇ ਹੋਏ ਟੈਨਿਸ ਛੱਡ ਕੇ ਕਿਰਕਟਦਾ ਰੁਖ ਕੀਤਾ ਸੀ। ਉਸ ਨੇ ਫਿਰ ਫਰਵਰੀ 2016 ਵਿਚ ਇਸ ਖੇਡ ਵਿਚ ਵਾਪਸੀ ਕੀਤੀ ਤੇ ਉਹ ਪਿਛਲੇ ਸਾਲ ਸਤੰਬਰ ਵਿਚ ਅਮਰੀਕੀ ਓਪਨ ਦਾ ਡਬਲਜ਼ ਖਿਤਾਬ ਜਿੱਤਣ ਵਿਚ ਸਫਲ ਰਹੀ ਸੀ।