ਮੇਸੀ ਨੇ ਸਪੈਨਿਸ਼ ਲੀਗ ''ਚ ਰਿਕਾਰਡ 7ਵੀਂ ਵਾਰ ਜਿੱਤਿਆ ''ਗੋਲਡਨ ਬੂਟ''

07/21/2020 1:06:06 AM

ਵਿਟੋਰੀਆ (ਸਪੇਨ)– ਲਿਓਨੇਲ ਮੇਸੀ ਨੇ ਬਾਰਸੀਲੋਨਾ ਦੀ ਆਖਰੀ ਦੌਰ ਵਿਚ ਅਲਾਵੇਸ 'ਤੇ 5-0 ਨਾਲ ਸ਼ਾਨਦਾਰ ਜਿੱਤ ਦੌਰਾਨ ਦੋ ਗੋਲ ਕਰਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਰਿਕਾਰਡ 7ਵੀਂ ਵਾਰ ਕਿਸੇ ਇਕ ਸੈਸ਼ਨ ਵਿਚ ਸਭ ਤੋਂ ਵੱਧ ਗੋਲ ਕਰਨ ਲਈ 'ਗੋਲਡਨ ਬੂਟ' ਹਾਸਲ ਕੀਤਾ। ਮੇਸੀ ਨੇ ਲੀਗ ਵਿਚ ਕੁਲ 25 ਗੋਲ ਕੀਤੇ, ਜਿਹੜੇ ਉਸਦੇ ਨੇੜਲੇ ਵਿਰੋਧੀ ਕਰੀਮ ਬੇਂਜੇਮਾ ਤੋਂ 4 ਗੋਲ ਵੱਧ ਹਨ । ਬੇਂਜੇਮਾ ਰੀਅਲ ਮੈਡ੍ਰਿਡ ਤੇ ਲੇਗਾਨੇਸ ਵਿਚਾਲੇ 2-2 ਨਾਲ ਡਰਾਅ ਰਹੇ ਮੈਚ ਵਿਚ ਗੋਲ ਨਹੀਂ ਕਰ ਸਕਿਆ ਸੀ। ਮੇਸੀ ਲੀਗ ਵਿਚ 7 ਵੱਖ-ਵੱਖ ਸੈਸ਼ਨਾਂ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਸੱਟ ਕਾਰਣ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਵਿਚ ਨਾ ਖੇਡ ਸਕਣ ਦੇ ਬਾਵਜੂਦ ਉਸ ਨੇ ਇਹ ਉਪਲੱਬਧੀ ਹਾਸਲ ਕੀਤੀ। ਅਰਜਨਟੀਨਾ ਦੇ ਇਸ ਸਟਾਰ ਨੇ 33 ਮੈਚਾਂ ਵਿਚ 25 ਗੋਲ ਕੀਤੇ। ਇਸ ਤੋਂ ਪਹਿਲਾਂ ਉਹ ਟੇਲਮੋ ਜਾਰਾ ਦੇ ਨਾਲ ਬਰਾਬਰੀ 'ਤੇ ਸੀ। ਉਸ ਨੇ ਲਗਾਤਾਰ ਚਾਰ ਸੈਸ਼ਨਾਂ ਵਿਚ ਸਭ ਤੋਂ ਵੱਧ ਗੋਲ ਕਰਨ ਦੇ ਹਿਊਜੋ ਸਾਂਜੇਚ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ। ਮੇਸੀ ਨੇ ਕਿਹਾ,''ਨਿੱਜੀ ਉਪਲੱਬਧੀਆਂ ਬਾਅਦ ਵਿਚ ਆਉਂਦੀਆਂ ਹਨ। ਚੰਗਾ ਹੁੰਦਾ ਜੇਕਰ ਅਸੀਂ ਇਸਦੇ ਨਾਲ ਹੀ ਖਿਤਾਬ ਵੀ ਜਿੱਤਣ ਵਿਚ ਸਫਲ ਰਹਿੰਦੇ।'' ਬਾਰਸੀਲੋਨਾ ਵਲੋਂ ਅਲਾਵੇਸ ਵਿਰੁੱਧ ਐਤਵਾਰ ਨੂੰ ਅੰਸ਼ੂ ਫਾਤੀ, ਲੂਈ ਸੁਆਰੇਜ ਤੇ ਨੈਲਸਨ ਸੇਮੇਡੋ ਨੇ ਵੀ ਗੋਲ ਕੀਤੇ। ਬਾਰਸੀਲੋਨਾ ਲੀਗ ਵਿਚ ਰੀਅਲ ਮੈਡ੍ਰਿਡ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ।

PunjabKesari
ਮੇਸੀ ਨੂੰ ਸਭ ਤੋਂ ਵੱਧ 25 ਗੋਲ ਕਰਨ 'ਤੇ 7ਵੀਂ ਵਾਰ 'ਗੋਲਡਨ ਬੂਟ' (ਪਿਚਿਚ ਸਨਮਾਨ)
ਸਪੇਨ ਦੀ ਫੁੱਟਬਾਲ ਲੀਗ 'ਲਾ ਲਿਗਾ' ਦੇ ਇਕ ਸੈਸ਼ਨ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਇਹ ਐਵਾਰਡ ਮਿਲਦਾ ਹੈ। ਇਸ ਤੋਂ ਪਹਿਲਾਂ ਐਥਲੈਟਿਕ ਬਿਲਬਾਓ ਟੇਲਮੋ ਜਾਰਾ ਨੇ 6 ਵਾਰ ਇਹ ਐਵਾਰਡ ਜਿੱਤਿਆ ਸੀ। ਉਸ ਨੂੰ 6ਵੀਂ ਵਾਰ ਇਹ ਸਨਮਾਨ 1953 ਵਿਚ ਮਿਲਿਆ ਸੀ। 
ਮੇਸੀ ਇਕ ਸੈਸ਼ਨ ਵਿਚ ਸਭ ਵੱਧ ਗੋਲ ਅਸਿਸਟ ਕਰਨ ਵਾਲਾ ਵੀ ਖਿਡਾਰੀ ਬਣਿਆ 
ਅਰਜਨਟੀਨਾ ਦਾ ਸਟ੍ਰਾਈਕਰ ਲਾ ਲਿਗਾ ਦੇ ਇਕ ਸੈਸ਼ਨ ਵਿਚ ਸਭ ਤੋਂ ਵੱਧ 21 ਗੋਲ ਅਸਿਸਟ ਕਰਨ ਵਾਲਾ ਖਿਡਾਰੀ ਵੀ ਬਣ ਗਿਆ ਹੈ। ਉਸ ਨੇ ਬਾਰਸੀਲੋਨਾ ਦੇ ਹੀ ਸਾਬਕਾ ਕਪਤਾਨ ਜਾਵੀ ਹਰਨਾਡੇਜ ਦਾ ਰਿਕਾਰਡ ਤੋੜਿਆ ਹੈ। ਜਾਵੀ ਨੇ 2008-09 ਸੈਸ਼ਨ ਵਿਚ 20 ਗੋਲ ਅਸਿਸਟ ਕੀਤੇ ਸਨ।

PunjabKesari
700 ਗੋਲ ਕਰਨ ਵਾਲਾ ਦੁਨੀਆ ਦਾ 7ਵਾਂ ਖਿਡਾਰੀ ਬਣ ਚੁੱਕੈ ਮੇਸੀ
ਮੇਸੀ 30 ਜੂਨ ਨੂੰ ਹੀ 700 ਗੋਲ ਕਰਨ ਵਾਲਾ ਦੁਨੀਆ ਦਾ 7ਵਾਂ ਖਿਡਾਰੀ ਬਣਿਆ ਸੀ। ਇਸ ਵਿਚ ਬਾਰਸੀਲੋਨਾ ਕਲੱਬ ਲਈ 630 ਤੇ ਆਪਣੇ ਦੇਸ਼ ਅਰਜਨਟੀਨਾ ਲਈ 70 ਗੋਲ ਸ਼ਾਮਲ ਹਨ। ਸਭ ਤੋਂ ਵੱਧ ਗੋਲਾਂ ਦਾ ਰਿਕਾਰਡ ਆਸਟਰੇਲੀਆ ਦੇ ਜੋਸੇਫ ਬਿਕਨ ਦੇ ਨਾਂ ਹਨ।
ਮੇਸੀ ਰਿਕਾਰਡ 6 ਵਾਰ 'ਬੈਲੇਨ ਡੀ ਓਰ' ਐਵਾਰਡ ਵੀ ਜਿੱਤ ਚੁੱਕੈ
ਮੇਸੀ 2 ਦਸੰਬਰ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ ਗਿਆ ਸੀ। ਪੈਰਿਸ ਵਿਚ ਹੋਏ ਸਮਾਰੋਹ ਵਿਚ ਉਸ ਨੇ ਰਿਕਾਰਡ 6ਵੀਂ ਵਾਰ 'ਬੈਲੇਨ ਡੀ ਓਰ' ਐਵਾਰਡ ਜਿੱਤਿਆ ਸੀ। ਇਸ ਮਾਮਲੇ ਵਿਚ ਵੀ ਉਸ ਨੇ ਰੋਨਾਲਡੋ (5 ਵਾਰ) ਨੂੰ ਪਿੱਛੇ ਛੱਡ ਦਿੱਤਾ ਸੀ ਹਾਲਾਂਕਿ ਪਿਛਲੇ 11 ਬੈਲਨ ਡੀ ਓਰ ਐਵਾਰਡ ਸਿਰਫ ਮੇਸੀ ਤੇ ਰੋਨਾਲਡੋ ਹੀ ਜਿੱਤੇ ਹਨ।


Gurdeep Singh

Content Editor

Related News