ਮੇਸੀ ਬਣਿਆ ਚੈਂਪੀਅਨਸ ਲੀਗ ਪਲੇਅਰ ਆਫ ਦਿ ਵੀਕ
Sunday, Oct 07, 2018 - 02:55 AM (IST)

ਲੰਡਨ-ਯੂਰਪੀਅਨ ਫੁੱਟਬਾਲ ਸੰਘ (ਯੂ. ਈ. ਐੱਫ. ਏ.) ਨੇ ਬਾਰਸੀਲੋਨਾ ਦੇ ਸਟਾਰ ਲਿਓਨਿਲ ਮੇਸੀ ਨੂੰ ਚੈਂਪੀਅਨਸ ਲੀਗ ਦੇ ਹਾਲੀਆ ਰਾਊਂਡ ਮੈਚਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਪਲੇਅਰ ਆਫ ਦਿ ਵੀਕ ਚੁਣਿਆ ਹੈ।
ਮੇਸੀ ਨੇ ਵੇਮਬਲੇ ਸਟੇਡੀਅਮ ਵਿਚ ਟੋਟੇਨਹੈਮ ਹਾਟਸਪਰ ਖਿਲਾਫ ਮਹੱਤਵਪੂਰਨ ਗੋਲ ਕੀਤਾ ਸੀ। ਮੇਸੀ ਨੇ ਨਾ ਸਿਰਫ ਗੋਲ ਕੀਤਾ, ਸਗੋਂ 2 ਵਾਰ ਗੋਲ ਕਰਨ 'ਚ ਮਦਦ ਵੀ ਕੀਤੀ ਅਤੇ ਵਿਰੋਧੀ ਟੀਮ ਦੀ ਪਿਛਲੀ ਲਾਈਨ ਲਈ ਲਗਾਤਾਰ ਮੈਚ ਵਿਚ ਖਤਰਾ ਬਣਿਆ ਰਿਹਾ। ਇਹ ਲਗਾਤਾਰ ਦੂਜੀ ਵਾਰ ਹੈ, ਜਦੋਂ ਚੈਂਪੀਅਨਸ ਲੀਗ ਵਿਚ ਮੇਸੀ ਨੂੰ 'ਪਲੇਅਰ ਆਫ ਦਿ ਵੀਕ' ਖਿਤਾਬ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਸ਼ੁਰੂਆਤੀ ਮੁਕਾਬਲਿਆਂ ਵਿਚ ਪੀ. ਐੱਸ. ਵੀ. ਖਿਲਾਫ ਮੈਚ ਵਿਚ ਹੈਟ੍ਰਿਕ ਨਾਲ ਵੀ ਇਹ ਐਵਾਰਡ ਜਿੱਤਿਆ ਸੀ।
ਐੱਫ. ਸੀ. ਬਾਰਸੀਲੋਨਾ ਦੇ ਅਰਜਨਟੀਨੀ ਖਿਡਾਰੀ ਨੇ ਸੈਸ਼ਨ ਦੀ ਸ਼ੁਰੂਆਤ ਬਿਹਤਰੀਨ ਫਾਰਮ ਵਿਚ ਕੀਤੀ ਸੀ। ਮੇਸੀ ਨੇ ਚੈਂਪੀਅਨਸ ਲੀਗ ਦੇ 2 ਮੈਚਾਂ ਵਿਚ ਹੁਣ ਤੱਕ 5 ਗੋਲ ਕੀਤੇ ਹਨ ਅਤੇ ਚੈਂਪੀਅਨਸ ਲੀਗ ਖਿਤਾਬ ਆਪਣੀ ਟੀਮ ਨੂੰ ਦਿਵਾਉਣ ਵਿਚ ਉਹ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।