ਪੁਰਸ਼ ਹਾਕੀ : ਜਾਪਾਨ ਨੂੰ 8-0 ਨਾਲ ਹਰਾ ਕੇ ਭਾਰਤ ਸੈਮੀਫਾਈਨਲ 'ਚ
Saturday, Aug 25, 2018 - 09:00 PM (IST)

ਜਕਾਰਤਾ— ਸਾਬਕਾ ਚੈਂਪੀਅਨ ਭਾਰਤ ਨੇ ਗੋਲਾਂ ਦੀ ਮੀਂਹ ਵਰਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਜਾਪਾਨ ਨੂੰ 8ਵੀਆਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਮੁਕਾਬਲਿਆਂ ਦੇ ਪੂਲ ਏ 'ਚ 8-0 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਸੈਮੀਫਾਈਨਲ 'ਚ ਸਥਾਨ ਹਾਸਲ ਕਰ ਲਿਆ। ਭਾਰਤ ਨੇ ਹਾਂਗਕਾਂਗ ਖਿਲਾਫ ਪਿਛਲੇ ਮੁਕਾਬਲੇ 'ਚ 86 ਸਾਲ ਦਾ ਪੁਰਾਣਾ ਰਿਕਾਰਡ ਤੋੜ ਕੇ 26-0 ਦੇ ਸਕੋਰ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਦਰਜ਼ ਕੀਤੀ ਸੀ। ਜਾਪਾਨ ਨੂੰ 8 ਗੋਲ ਨਾਲ ਹਰਾਉਂਦੇ ਹੀ ਭਾਰਤ ਨੇ ਇਨ੍ਹਾਂ ਖੇਡਾਂ 'ਚ ਤਿੰਨ ਮੈਚਾਂ 'ਚ 50 ਗੋਲ ਪੂਰੇ ਕਰ ਲਏ ਹਨ।
ਸਾਬਕਾ ਚੈਂਪੀਅਨ ਭਾਰਤੀ ਟੀਮ ਇਸ ਨਾਲ ਹੀ ਪੂਲ 'ਏ' 'ਚ ਸਿਖਰ 'ਤੇ ਪਹੁੰਚ ਗਈ ਹੈ ਉਸ ਦਾ ਸੈਮੀਫਾਈਨਲ ਸਥਾਨ ਸੁਰੱਖਿਅਤ ਹੋ ਚੁੱਕਾ ਹੈ। ਹਾਲਾਂਕਿ ਹੁਣ ਦੋ ਪੂਲ ਮੈਚ ਖੇਡੇ ਜਾਣਗੇ। ਭਾਰਤ ਅਤੇ ਕੋਰੀਆ ਦੇ ਤਿੰਨ-ਤਿੰਨ ਮੈਚਾਂ 'ਚ 9-9 ਅੰਕ ਹਨ ਪਰ ਭਾਰਤ ਜ਼ਿਆਦਾ ਗੋਲ ਕਰਨ ਦੇ ਕਾਰਨ ਅੰਕ ਤਾਲਿਕਾ 'ਚ ਸਿਖਰ 'ਤੇ ਪਹੁੰਚ ਗਿਆ ਹੈ। ਕੋਰੀਆ ਨੇ ਤਿੰਨ ਮੈਚਾਂ 'ਚ 34 ਗੋਲ ਕੀਤੇ ਹਨ।
ਭਾਰਤੀ ਟੀਮ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਕੋਰੀਆ ਦੇ ਨਾਲ ਹੋਵੇਗਾ ਜਿਸ 'ਚ ਭਾਰਤ ਦੀ ਅਸਲੀ ਪਰੀਖਿਆ ਹੋਵੇਗੀ। ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਪੂਲ 'ਏ' 'ਚ ਸਿਖਰ 'ਤੇ ਹੋਵੇਗੀ। ਭਾਰਤ ਨੇ ਮੈਚ 'ਚ 7ਵੇਂ ਮਿੰਟ 'ਚ ਗੋਲ ਦੀ ਸ਼ੁਰੂਆਤ ਕੀਤੀ ਜਦਕਿ ਐੱਸ.ਵੀ.ਸੁਨੀਲ ਨੇ ਭਾਰਤ ਵਲੋਂ ਪਹਿਲਾਂ ਗੋਲ ਕੀਤਾ। ਦਿਲਪ੍ਰੀਤ ਸਿੰਘ ਨੇ ਭਾਰਤ ਨੂੰ 12ਵੇਂ ਮਿੰਟ 'ਚ 2-0 ਨਾਲ ਅੱਗੇ ਕਰ ਦਿੱਤਾ। ਭਾਰਤ ਦਾ ਤੀਜਾ ਗੋਲ ਡ੍ਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ 17ਵੇਂ ਮਿੰਟ 'ਚ ਪੇਨਲਟੀ ਕਾਰਨਰ 'ਤੇ ਕੀਤਾ। ਸਾਬਕਾ ਚੈਂਪੀਅਨ ਟੀਮ ਅੱਧੇ ਸਮੇਂ ਤੱਕ 3-0 ਨਾਲ ਅੱਗੇ ਸੀ। ਭਾਰਤ ਨੇ ਦੂਜੇ ਹਾਫ 'ਚ ਪੰਜ ਗੋਲ ਕਰ ਕੇ ਆਸਾਨ ਜਿੱਤ ਹਾਸਲ ਕੀਤੀ।