ਮਹਿਤ ਸੰਧੂ ਨੇ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
Friday, Sep 06, 2024 - 10:03 AM (IST)
ਨਵੀਂ ਦਿੱਲੀ- ਭਾਰਤ ਦੀ ਮਹਿਤ ਸੰਧੂ ਨੇ ਇਥੇ ਚੱਲ ਰਹੀ ਦੂਜੀ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ਦੇ 5ਵੇਂ ਦਿਨ ਔਰਤਾਂ ਦੇ 50 ਮੀਟਰ ਰਾਈਫਲ ਪ੍ਰੋਨ ਈਵੈਂਟ ਵਿਚ ਸੋਨ ਤਮਗਾ ਅਤੇ ਅਭਿਨਵ ਦੇਸ਼ਵਾਲ ਨੇ ਪੁਰਸ਼ਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਨ੍ਹਾਂ 2 ਤਮਗਿਆਂ ਨਾਲ ਭਾਰਤ ਦੇ ਕੁੱਲ 15 ਤਮਗੇ ਹੋ ਗਏ ਹਨ ਜਿਨ੍ਹਾਂ ’ਚ 4 ਸੋਨੇ ਦੇ, 7 ਚਾਂਦੀ ਅਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਵਿਸ਼ਵ ਡੈੱਫ ਚੈਂਪੀਅਨਸ਼ਿਪ ’ਚ ਮਹਿਤ ਦਾ ਇਹ ਦੂਜਾ ਸੋਨ ਤਮਗਾ ਅਤੇ ਕੁੱਲ ਮਿਲਾ ਕੇ ਤੀਜਾ ਤਮਗਾ ਸੀ। ਇਸ ਤੋਂ ਪਹਿਲਾਂ ਉਸ ਨੇ ਧਨੁਸ਼ ਸ਼੍ਰੀਕਾਂਤ ਨਾਲ ਮਿਲ ਕੇ ਮਿਕਸਡ 10 ਮੀਟਰ ਏਅਰ ਰਾਈਫਲ ’ਚ ਸੋਨੇ ਅਤੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਮਹਿਤ ਨੇ ਫਾਈਨਲ ’ਚ 247.4 ਦਾ ਸਕੋਰ ਬਣਾਇਆ ਅਤੇ ਹੰਗਰੀ ਦੀ ਮੀਰਾ ਬਿਆਤੋਵਸਕੀ ਤੋਂ 2.2 ਅੰਕ ਅੱਗੇ ਰਹੀ। ਇਸ ਭਾਰਤੀ ਨਿਸ਼ਾਨੇਬਾਜ਼ ਨੇ 617.8 ਦੇ ਸਕੋਰ ਨਾਲ ਕੁਆਲੀਫ਼ਿਕੇਸ਼ਨ ਰਾਊਂਡ ’ਚ ਟਾਪ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਹੋਰ ਭਾਰਤੀ ਨਿਸ਼ਾਨੇਬਾਜ਼ਾਂ ’ਚ ਨਤਾਸ਼ਾ ਜੋਸ਼ੀ ਫਾਈਨਲ ’ਚ 7ਵੇਂ ਸਥਾਨ ’ਤੇ ਰਹੀ।
ਦੇਸ਼ਵਾਲ ਯੂਕ੍ਰੇਨ ਦੇ ਅਲੈਗਜ਼ੈਂਡਰ ਕੋਲੋਡੀ ਤੋਂ ਆਖਰੀ ਸੀਰੀਜ਼ ’ਚ ਇਕ ਅੰਕ ਨਾਲ ਪਿੱਛੜ ਗਿਆ। ਹੋਰ ਭਾਰਤੀ ਨਿਸ਼ਾਨੇਬਾਜ਼ਾਂ ’ਚ ਸ਼ੁਭਮ ਵਸ਼ਿਸ਼ਟ 5ਵੇਂ ਅਤੇ ਚੇਤਨ ਸਪਕਲ 7ਵੇਂ ਸਥਾਨ ’ਤੇ ਰਹੇ। ਦੇਸ਼ਵਾਲ ਨੇ 10 ਮੀਟਰ ਪਿਸਟਲ ਵਿਅਕਤੀਗਤ, ਮਿਕਸਡ ਅਤੇ ਟੀਮ ਮੁਕਾਬਲਿਆਂ ’ਚ ਚਾਂਦੀ ਦਾ ਤਮਗਾ ਵੀ ਜਿੱਤਿਆ ਸੀ।