ਵਿੰਬਲਡਨ ''ਤੇ ਪਾਬੰਦੀਸ਼ੁਦਾ ਹੋਣ ਦੇ ਬਾਅਦ ਮੇਦਵੇਦੇਵ ਦੀ ਏ. ਟੀ. ਪੀ. ਟੂਰ ''ਚ ਵਾਪਸੀ

05/17/2022 3:04:20 PM

ਜਿਨੇਵਾ- ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੇਦਵੇਦੇਵ ਨੇ ਯੂਕ੍ਰੇਨ ਨਾਲ ਜੁੜੀ ਹਾਲ ਦੀਆਂ ਖ਼ਬਰਾਂ ਨੂੰ 'ਬੇਹੱਦ ਪ੍ਰੇਸ਼ਾਨ ਕਰਨ ਵਾਲਾ' ਦੱਸਿਆ ਜਿਸ ਦੇ ਕਾਰਨ ਵਿੰਬਲਡਨ ਦੇ ਆਯੋਜਕਾਂ ਨੇ ਉਨ੍ਹਾਂ ਨੂੰ ਤੇ ਹੋਰਨਾਂ ਰੂਸੀ ਖਿਡਾਰੀਆਂ ਨੂੰ ਇਸ ਵੱਕਾਰੀ ਟੂਰਨਾਮੈਂਟ 'ਚ ਖੇਡਣ 'ਤੇ ਪਾਬੰਦੀ ਲਗਾ ਦਿੱਤੀ। 

ਯੂ. ਐੱਸ. ਓਪਨ ਚੈਂਪੀਅਨ ਮੇਦਵੇਦੇਵ ਜਿਨੇਵਾ ਓਪਨ 'ਚ ਗੱਲ ਕਰ ਰਹੇ ਸਨ। ਉਹ ਹਰਨੀਆ ਦਾ ਆਪਰੇਸ਼ਨ ਕਰਾਉਣ ਕਾਰਨ ਪੰਜ ਹਫ਼ਤੇ ਬਾਅਦ ਏ. ਟੀ. ਪੀ. ਟੂਰ 'ਚ ਵਾਪਸੀ ਕਰ ਰਹੇ ਹਨ। ਮੇਦਵੇਦੇਵ ਤੋਂ ਪੁੱਛਿਆ ਗਿਆ ਕਿ ਜਦੋਂ ਉਹ ਨਹੀਂ ਖੇਡ ਰਹੇ ਸਨ ਤਾਂ ਕੀ ਰੂਸ ਦੇ ਯੂਕ੍ਰੇਨ ਦੇ ਹਮਲੇ 'ਤੇ ਕਰੀਬੀ ਨਜ਼ਰ ਰੱਖੇ ਹੋਏ ਸਨ, ਉਨ੍ਹਾਂ ਕਿਹਾ, 'ਜੋ ਕੁਝ ਹੋ ਰਿਹਾ ਹੈ ਉਸ 'ਤੇ ਗ਼ੌਰ ਕਰਨ ਲਈ ਮੇਰੇ ਕੋਲ ਕੁਝ ਸਮਾਂ ਸੀ। ਹਾਂ, ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ।'

ਮੇਦਵੇਦੇਵ ਨੇ ਇਸ ਤੋਂ ਪਹਿਲਾਂ ਫ਼ਰਵਰੀ 'ਚ ਰੂਸ ਦੇ ਯੂਕ੍ਰੇਨ 'ਤੇ ਹਮਲੇ ਦੇ ਬਾਅਦ ਕਿਹਾ ਸੀ ਕਿ ਉਹ ਸ਼ਾਂਤੀ ਚਾਹੁੰਦੇ ਹਨ। ਜ਼ਿਆਦਾਤਰ ਓਲੰਪਿਕ ਖੇਡਾਂ ਨੇ ਰੂਸੀ ਟੀਮ ਤੇ ਖਿਡਾਰੀਆਂ ਨੂੰ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ। ਪਰ ਟੈਨਿਸ ਨੇ ਖਿਡਾਰੀਆਂ ਨੂੰ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਸਗੋਂ ਨਿੱਜੀ ਪੱਧਰ 'ਤੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੋਈ ਹੈ। 

ਵਿੰਬਲਡਨ ਨੇ ਹਾਲਾਂਕਿ  ਤਿੰਨ ਹਫ਼ਤੇ ਪਹਿਲਾਂ ਬ੍ਰਿਟਿਸ਼ ਸਰਕਾਰ ਦੇ ਫ਼ੈਸਲੇ ਦੀ ਤਰਜ 'ਤੇ ਰੂਸੀ ਖਿਡਰੀਆਂ ਨੂੰ ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਮੇਦਵੇਦੇਵ ਨੇ ਕਿਹਾ ਕਿ ਜੇਕਰ ਹਾਲਾਤ ਬਦਲਦੇ ਹਨ ਤਾਂ ਉਹ 27 ਜੂਨ ਤੋਂ ਸ਼ੁਰੂ ਹੋਣ ਵਾਲੇ ਵਿੰਬਲਡਨ 'ਚ ਖੇਡਣਾ ਚਾਹੁਣਗੇ। ਉਨ੍ਹਾਂ ਕਿਹਾ, 'ਜੇਕਰ ਮੈਂ ਖੇਡ ਸਕਦਾ ਹਾਂ ਤਾਂ ਮੈਨੂੰ ਵਿੰਬਲਡਨ 'ਚ ਖੇਡਣ 'ਚ ਖ਼ੁਸ਼ੀ ਹੋਵੇਗੀ। ਮੈਨੂੰ ਇਹ ਟੂਰਨਾਮੈਂਟ ਪਸੰਦ ਹੈ।'


Tarsem Singh

Content Editor

Related News