ਐਮਬਾਪੇ ਸਭ ਤੋਂ ਘੱਟ ਉਮਰ 'ਚ 300 ਗੋਲ ਕਰਨ ਵਾਲੇ ਫੁੱਟਬਾਲਰ ਬਣੇ, ਥੀਏਰੀ ਹੈਨਰੀ ਨੇ ਕੀਤੀ ਸ਼ਲਾਘਾ
Tuesday, Nov 21, 2023 - 06:01 PM (IST)
ਸਪੋਰਟਸ ਡੈਸਕ : ਫਰਾਂਸ ਦੇ ਸਾਬਕਾ ਮਹਾਨ ਖਿਡਾਰੀ ਥੀਏਰੀ ਹੈਨਰੀ ਨੇ ਆਪਣੇ ਦੇਸ਼ ਦੇ ਨੌਜਵਾਨ ਫੁੱਟਬਾਲਰ ਕਾਇਲੀਅਨ ਐਮਬਾਪੇ ਦੀ ਤਾਰੀਫ਼ ਕੀਤੀ ਹੈ। ਉਸ ਨੇ ਕਿਹਾ ਕਿ ਕਾਇਲੀਅਨ ਐਮਬਾਪੇ ਨੇ ਮਹਾਨ ਫੁੱਟਬਾਲਰ ਲਿਓਨਿਲ ਮੇਸੀ ਤੇ ਕ੍ਰਿਸਟੀਆਨੋ ਰੋਨਾਲਡੋ ਤੋਂ ਘੱਟ ਉਮਰ ’ਚ ਆਪਣੇ ਕਰੀਅਰ ਦਾ 300ਵਾਂ ਗੋਲ ਕੀਤਾ ਹੈ। ਜ਼ਿਕਰਯੋਗ ਹੈ ਕਿ ਐਮਬਾਪੇ ਇਸ ਦੇ ਨਾਲ ਹੀ ਸਭ ਤੋਂ ਘੱਟ ਉਮਰ 'ਚ 300 ਗੋਲ ਕਰਨ ਵਾਲੇ ਫੁੱਟਬਾਲਰ ਬਣ ਗਏ ਹਨ। ਐਮਬਾਪੇ ਨੇ ਜਿਬਰਾਲਟਰ ਦੇ ਖਿਲਾਫ 14-0 ਦੀ ਜਿੱਤ ’ਚ 24 ਸਾਲ ਅਤੇ 333 ਦਿਨਾਂ ਦੀ ਉਮਰ ’ਚ ਇਹ ਉਪਲਬਧੀ ਹਾਸਲ ਕੀਤੀ।
21ਵੀਂ ਸਦੀ ਦੇ ਮਹਾਨ ਫੁੱਟਬਾਲਰਾਂ ਦੀ ਸੂਚੀ ’ਚ ਸਿਖਰ ’ਤੇ ਰਹਿਣ ਵਾਲੇ ਮੇਸੀ ਤੇ ਰੋਨਾਲਡੋ ਦੋਵੇਂ ਇਸ ਕਾਰਨਾਮੇ ਨੂੰ ਪੂਰਾ ਕਰਨ ਸਮੇਂ ਇਸ ਤੋਂ ਵੱਡੇ ਸਨ। ਫਰਾਂਸ ਦੀ ਅੰਡਰ-21 ਟੀਮ ਦੇ ਕੋਚ ਹੈਨਰੀ ਨੇ ਕਿਹਾ, ‘ਇਹ ਨੌਜਵਾਨ ਖਿਡਾਰੀ ਜੋ ਕਰ ਰਿਹਾ ਹੈ, ਉਹ ਕਲਪਨਾ ਤੋਂ ਪਰੇ ਹੈ। ਇਹ ਸ਼ਾਨਦਾਰ ਹੈ।’ ਐਮਬਾਪੇ ਦੀ ਤੁਲਨਾ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਹੈਨਰੀ ਨਾਲ ਕੀਤੀ ਗਈ ਸੀ। ਦੋਵਾਂ ਨੇ ਮੋਨੈਕੋ ਵਿਖੇ ਖੱਬੇ ਵਿੰਗਰ ਵਜੋਂ ਖੇਡਣ ਤੋਂ ਪਹਿਲਾਂ ਫਰਾਂਸ ਦੀ ਕਲੇਅਰਫੋਂਟੇਨ ਅਕੈਡਮੀ ’ਚ ਸਿਖਲਾਈ ਪ੍ਰਾਪਤ ਕੀਤੀ, ਜਿੱਥੇ ਦੋਵਾਂ ਨੇ ਕਿਸ਼ੋਰਾਂ ਵਜੋਂ ਫ੍ਰੈਂਚ ਲੀਗ ਦਾ ਖਿਤਾਬ ਜਿੱਤਿਆ।
ਐਮਬਾਪੇ ਨੇ ਵੀ 2018 ’ਚ ਆਪਣੇ ਪਹਿਲੇ ਵਿਸ਼ਵ ਕੱਪ ’ਚ ਉਸ ਵਾਂਗ ਖਿਤਾਬ ਜਿੱਤ ਕੇ ਇਹ ਉਪਲੱਬਧੀ ਹਾਸਲ ਕੀਤੀ ਸੀ। ਹੈਨਰੀ ਨੇ 1998 ’ਚ ਇਹ ਖਿਤਾਬ ਜਿੱਤਿਆ ਸੀ। ਐਮਬਾਪੇ ਦੀ ਤੁਲਨਾ ਮਹਾਨ ਬ੍ਰਾਜ਼ੀਲ ਦੇ ਫੁੱਟਬਾਲਰ ਪੇਲੇ ਨਾਲ ਵੀ ਕੀਤੀ ਜਾਂਦੀ ਹੈ ਕਿਉਂਕਿ ਉਸ ਦੀ ਸ਼ਾਨਦਾਰ ਖੇਡਣ ਦੀ ਯੋਗਤਾ ਹੈ, ਪਰ ਉਸ ਦੀ ਖੇਡਣ ਦੀ ਸ਼ੈਲੀ, ਉਸ ਦੀ ਤੇਜ਼ ਰਫ਼ਤਾਰ ਅਤੇ ਹੁਨਰ ਹੈਨਰੀ ਨਾਲ ਮਿਲਦਾ-ਜੁਲਦਾ ਹੈ।
ਹੈਨਰੀ ਨੇ ਕਿਹਾ, ‘ਐਮਬਾਪੇ ਇਕ ਗੋਲ ਸਕੋਰਰ ਹੈ ਅਤੇ ਇੱਕ ਸਹਾਇਕ ਵੀ, ਉਹ ਸਭ ਕੁਝ ਕਰਨਾ ਜਾਣਦਾ ਹੈ। ਇਹ ਵੱਖਰੀ ਗੱਲ ਹੈ ਕਿ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਆਪਣੇ ਕਰੀਅਰ ਦੀ 17ਵੀਂ ਹੈਟ੍ਰਿਕ ਲਗਾ ਕੇ ਐਮਬਾਪੇ ਨੇ ਇਸ ਸੀਜ਼ਨ ’ਚ ਖੇਡੇ ਗਏ 19 ਮੈਚਾਂ ’ਚ ਕੁੱਲ 21 ਗੋਲ ਕੀਤੇ ਹਨ। ਪੀਐੱਸਜੀ ਦੇ ਸਟਾਰ ਖਿਡਾਰੀ ਦਾ ਇਹ ਆਪਣੇ 74ਵੇਂ ਅੰਤਰਰਾਸ਼ਟਰੀ ਮੈਚ ’ਚ 46ਵਾਂ ਗੋਲ ਸੀ। ਫਰਾਂਸ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ’ਚ ਹੁਣ ਸਿਰਫ਼ ਹੈਨਰੀ ਅਤੇ ਗਿਰੌਡ ਹੀ ਉਸ ਤੋਂ ਅੱਗੇ ਹਨ। ਹੈਨਰੀ ਉਸ ਤੋਂ ਪੰਜ ਗੋਲ ਅੱਗੇ ਹੈ, ਜਦੋਂ ਕਿ ਗਿਰੌਡ 10 ਗੋਲਾਂ ਨਾਲ ਅੱਗੇ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8