ਮਯੰਕ ਨੂੰ ਇਸ ਲਈ ਮਿਲਿਆ ਟੀਮ ਇੰਡੀਆ 'ਚ ਸੁਨਹਿਰੀ ਮੌਕਾ
Tuesday, Dec 25, 2018 - 01:49 PM (IST)

ਨਵੀਂ ਦਿੱਲੀ— ਕਰਨਾਟਕ ਦੇ 27 ਸਾਲ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਭਾਰਤੀ ਟੈਸਟ ਟੀਮ 'ਚ ਡੈਬਿਊ ਦਾ ਮੌਕਾ ਮਿਲਿਆ ਹੈ। ਉਹ ਭਾਰਤ ਵੱਲੋਂ ਡੈਬਿਊ ਕਰਨ ਵਾਲੇ 295ਵੇਂ ਖਿਡਾਰੀ ਹੋਣਗੇ। ਮਯੰਕ ਬਾਕਸਿੰਗ-ਡੇ ਟੈਸਟ 'ਚ ਹਨੁਮਾ ਵਿਹਾਰੀ ਦੇ ਨਾਲ ਭਾਰਤ ਵੱਲੋਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।
ਜਦੋਂ ਮਯੰਕ ਨੇ 2017/18 ਦੇ ਰਣਜੀ ਸੀਜ਼ਨ 'ਚ ਸਭ ਤੋਂ ਜ਼ਿਆਦਾ 1160 ਦੌੜਾਂ ਬਣਾਈਆਂ ਸਨ, ਉਦੋਂ ਤੋਂ ਹੀ ਉਹ ਸੁਰਖੀਆਂ 'ਚ ਆ ਗਏ ਸਨ। ਸਮਝਿਆ ਜਾ ਰਿਹਾ ਸੀ ਕਿ ਵੈਸਟਇੰਡੀਜ਼ ਦੇ ਖਿਲਾਫ ਪਿਛਲੀ ਘਰੇਲੂ ਟੈਸਟ ਸੀਰੀਜ਼ 'ਚ ਮੰਯਕ ਨੂੰ ਮੌਕਾ ਮਿਲ ਜਾਵੇਗਾ ਪਰ ਪ੍ਰਿਥਵੀ ਸ਼ਾਅ ਨੂੰ ਤਰਜੀਹ ਦਿੱਤੀ ਗਈ। ਪ੍ਰਿਥਵੀ ਨੇ ਪਹਿਲੇ ਹੀ ਟੈਸਟ 'ਚ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਕੀਤੇ ਸਨ।
2 ਟੈਸਟ ਮੈਚਾਂ 'ਚ 237 ਦੌੜਾਂ ਬਣਾ ਕੇ ਆਸਟਰੇਲੀਆ ਪਹੁੰਚੇ ਪ੍ਰਿਥਵੀ ਸ਼ਾਅ ਲਈ ਇਕ ਵਾਰ ਫਿਰ ਧੂਮ ਮਚਾਉਣ ਦਾ ਮੌਕਾ ਸੀ ਪਰ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਹ ਅਭਿਆਸ ਮੈਚ 'ਚ ਕੈਚ ਫੜਦੇ ਹੋਏ ਸੱਟ ਦਾ ਸ਼ਿਕਾਰ ਹੋ ਗਏ। ਪੈਰ ਮੁੜ ਜਾਣ ਕਰਕੇ ਉਨ੍ਹਾਂ ਨੂੰ ਪੂਰੀ ਸੀਰੀਜ਼ ਤੋਂ ਬਾਹਰ ਹੋਣਾ ਪਿਆ ਅਤੇ ਇੱਥੋਂ ਹੀ ਮਯੰਕ ਨੂੰ ਮੌਕਾ ਦਿੱਤੇ ਜਾਣ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸਨ।
ਦੂਜੇ ਪਾਸੇ ਆਸਟਰੇਲੀਆ 'ਚ ਕੇ.ਐੱਲ. ਰਾਹੁਲ ਅਤੇ ਮੁਰਲੀ ਵਿਜੇ ਦੀ ਸਲਾਮੀ ਜੋੜੀ ਲਗਾਤਾਰ ਅਸਫਲ ਰਹੀ। ਪਹਿਲੇ 2 ਟੈਸਟ ਮੈਚਾਂ 'ਚ ਕ੍ਰਮਵਾਰ 12.00 ਅਤੇ 12.25 ਦੀ ਖਰਾਬ ਔਸਤ ਨਾਲ ਬੱਲੇਬਾਜ਼ੀ ਦੋਹਾਂ 'ਤੇ ਭਾਰੀ ਪਈ। ਰਾਹੁਲ-ਵਿਜੇ ਦਾ ਬਾਹਰ ਜਾਣਾ ਮਯੰਕ ਲਈ ਜਿਵੇਂ ਵਰਦਾਨ ਸਾਬਤ ਹੋਇਆ ਅਤੇ ਹੁਣ ਦੇਖਣਾ ਹੈ ਕਿ ਉਹ ਇਸ ਦਾ ਕਿੰਨਾ ਲਾਹਾ ਲੈ ਸਕਦੇ ਹਨ।
ਮਯੰਕ ਅਗਰਵਾਲ ਨੇ 2013 'ਚ ਪਹਿਲੇ ਦਰਜੇ ਦੇ ਕ੍ਰਿਕਟ 'ਚ ਡੈਬਿਊ ਕੀਤਾ ਸੀ। ਰਣਜੀ ਟਰਾਫੀ 'ਚ (ਨਵੰਬਰ 2017) 'ਚ ਮਯੰਕ ਨੇ ਅਜੇਤੂ ਤਿਹਰਾ ਸੈਂਕੜਾ (304* ਦੌੜਾਂ) ਠੋਕ ਦਿੱਤਾ ਅਤੇ ਉਦੋਂ ਤੋਂ 75 ਪਾਰੀਆਂ 'ਚ (ਤਿੰਨਾਂ ਫਾਰਮੈਟ) 'ਚ ਮਯੰਕ ਨੇ 56.40 ਦੀ ਔਸਤ ਨਾਲ 4005 ਦੌੜਾਂ ਬਣਾਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ 13 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ।
ਮਯੰਕ ਅਗਰਵਾਲ ਨੇ ਰਣਜੀ 2017/18 ਸੀਜ਼ਨ 'ਚ ਇਕ ਅਜਿਹਾ ਕਾਰਨਾਮਾ ਕੀਤਾ, ਜੋ ਅਜੇ ਤੱਕ ਕੋਈ ਵੀ ਭਾਰਤੀ ਬੱਲੇਬਾਜ਼ ਨਹੀਂ ਕਰ ਸਕਿਆ ਹੈ। ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਰਿੰਦਰ ਸਹਿਵਾਗ, ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਜਿਹੇ ਦਿੱਗਜ ਵੀ ਇਹ ਰਿਕਾਰਡ ਨਹੀ ਬਣਾ ਸਕੇ ਹਨ। ਦਰਅਸਲ ਮਯੰਕ ਨੇ ਫਰਸਟ ਕਲਾਸ ਕ੍ਰਿਕਟ ਖੇਡਦੇ ਹੋਏ ਸਿਰਫ ਇਕ ਮਹੀਨੇ 'ਚ 1033 ਦੌੜਾਂ ਠੋਕ ਦਿੱਤੀਆਂ ਹਨ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਇਕਮਾਤਰ ਬੱਲੇਬਾਜ਼ ਹਨ। ਵੈਸੇ ਇਕ ਮਹੀਨੇ 'ਚ ਸਭ ਤੋਂ ਜ਼ਿਆਦਾ ਫਰਸਟ ਕਲਾਸ ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਇੰਗਲੈਂਡ ਦੇ ਸਾਬਕਾ ਧਾਕੜ ਸਰ ਲੇਨ ਹਟਨ ਦੇ ਨਾਂ ਹੈ, ਉਨ੍ਹਾਂ ਨੇ 1949 'ਚ ਸਭ ਤੋਂ ਜ਼ਿਆਦਾ 1294 ਦੌੜਾਂ ਬਣਾਈਆਂ ਸਨ।
ਨਵੰਬਰ (2017) ਮਹੀਨੇ 'ਚ ਮਯੰਕ ਦੀ ਰਣਜੀ ਪਾਰੀਆਂ, ਜਿਸ ਨਾਲ ਬਣੀਆਂ ਰਿਕਾਰਡ 1033 ਦੌੜਾਂ
173 ਦੌੜਾਂ, 134 ਦੌੜਾਂ- (ਵਿਰੁੱਧ ਰੇਲਵੇ) 25-28 ਨਵੰਬਰ 2017
90 ਦੌੜਾਂ, 133* ਦੌੜਾਂ- (ਵਿਰੁੱਧ ਯੂਪੀ) 17-21 ਨਵੰਬਰ 2017
176 ਦੌੜਾਂ, 23 ਦੌੜਾਂ- (ਵਿਰੁੱਧ ਦਿੱਲੀ) 9-13 ਨਵੰਬਰ 2017
304* ਦੌੜਾਂ- (ਵਿਰੁੱਧ ਮਹਾਰਾਸ਼ਟਰ) 1-5 ਨਵੰਬਰ 2017
ਮਯੰਕ ਦੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ 46 ਮੈਚਾਂ 'ਚ ਉਨ੍ਹਾਂ ਨੇ 49.98 ਦੀ ਔਸਤ ਨਾਲ 3599 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਦੇ 8 ਸੈਂਕੜੇ ਅਤੇ 20 ਅਰਧ ਸੈਂਕੜੇ ਸ਼ਾਮਲ ਹਨ। ਲਿਸਟ-ਏ (ਘਰੇਲੂ ਵਨ ਡੇ) ਕ੍ਰਿਕਟ 'ਚ ਮਯੰਕ ਨੇ 75 ਮੈਚਾਂ 'ਚ 48.71 ਦੀ ਔਸਤ ਨਾਲ 3605 ਦੌੜਾਂ ਬਣਾਈਆਂ, ਜਿਸ 'ਚ ਉਨ੍ਹਾਂ ਨੇ 12 ਸੈਂਕੜੇ ਅਤੇ 14 ਅਰਧ ਸੈਂਕੜੇ ਹਨ, ਉਨ੍ਹਾਂ ਨੇ 111 ਟੀ-20 ਮੈਚ ਖੇਡੇ ਹਨ ਅਤੇ 23.40 ਦੇ ਔਸਤ ਨਾਲ 2340 ਦੌੜਾਂ ਬਣਾਈਆਂ ਹਨ। ਜਿਸ 'ਚ ਇਕ ਸੈਂਕੜਾ ਅਤੇ 15 ਅਰਧ ਸੈਂਕੜੇ ਹਨ।