ਭਾਰਤ ਦੀ ਆਲੋਚਨਾ ਕਰਨ ਵਾਲਿਆਂ ’ਤੇ ਵਰ੍ਹਿਆ ਮੈਥਿਊ ਹੇਡਨ, ਦਿੱਤਾ ਵੱਡਾ ਬਿਆਨ
Monday, May 17, 2021 - 04:48 PM (IST)
ਸਪੋਰਟਸ ਡੈਸਕ : ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਲੱਖਾਂ ਲੋਕ ਇਸ ਮਹਾਮਾਰੀ ਦੀ ਲਪੇਟ ’ਚ ਆ ਰਹੇ ਹਨ ਤੇ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਹਨ। ਭਾਰਤ ’ਚ ਕੋਰੋਨਾ ਕਾਰਨ ਵਿਗੜ ਰਹੇ ਹਾਲਾਤ ’ਤੇ ਲੋਕ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਥੇ ਹੀ ਭਾਰਤ ਦੀ ਆਲੋਚਨਾ ਕਰਨ ਵਾਲਿਆਂ ’ਤੇ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮੈਥਿਊ ਹੇਡਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹੇਡਨ ਨੇ ਆਲੋਚਨਾ ਕਰਨ ਵਾਲਿਆਂ ਨੂੰ ਕਿਹਾ ਕਿ ਭਾਰਤ ਜਿੰਨੀ ਜਨਸੰਖਿਆ ’ਚ ਲੋਕ ਹਨ, ਉਨ੍ਹਾਂ ਨੂੰ ਸੰਭਾਲਣਾ ਆਸਾਨ ਨਹੀਂ ਹੈ। ਮੈਥਿਊ ਹੇਡਨ ਨੇ ਇਕ ਕਾਲਮ ’ਚ ਲਿਖਿਆ ਕਿ ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ। ਇੰਨੀ ਗੰਭੀਰ ਤੇ ਖਤਰਨਾਕ ਬੀਮਾਰੀ ਪਹਿਲਾਂ ਕਦੀ ਨਹੀਂ ਆਈ। ਭਾਰਤ ਇਸ ਕੋਰੋਨਾ ਵਾਇਰਸ ਦੀ ਲਹਿਰ ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ, ਤਾਂ ਉਥੇ ਹੀ ਮੀਡੀਆ ਕਰਮਚਾਰੀ 140 ਕਰੋੜ ਜਨਸੰਖਿਆ ਵਾਲੇ ਦੇਸ਼ ਦੀ ਆਲੋਚਨਾ ਕਰਨ ’ਚ ਪਿੱਛੇ ਨਹੀਂ ਹਨ। ਇੰਨੀ ਵੱਡੀ ਆਬਾਦੀ ਵਾਲੇ ਦੇਸ਼ ’ਚ ਕੋਈ ਵੀ ਨਿਯਮ ਲਾਗੂ ਕਰਨਾ ਤੇ ਕੁਝ ਵੀ ਲਾਗੂ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ।
ਹੇਡਨ ਨੇ ਆਪਣੇ ਕਾਲਮ ’ਚ ਅੱਗੇ ਕਿਹਾ ਕਿ ਮੈਂ ਭਾਰਤ ’ਚ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਆ ਤੇ ਜਾ ਰਿਹਾ ਹਾਂ। ਖਾਸ ਤੌਰ ’ਤੇ ਤਾਮਿਲਨਾਡੂ ’ਚ, ਜੋ ਮੇਰਾ ਦੂਸਰਾ ਘਰ ਹੈ। ਮੈਂ ਇਥੇ ਅਧਿਆਤਮਿਕ ਤੌਰ ’ਤੇ ਰਹਿੰਦਾ ਹਾਂ। ਮੇਰੇ ਦਿਲ ’ਚ ਭਾਰਤ ਦੇ ਨੇਤਾਵਾਂ ਪ੍ਰਤੀ ਬਹੁਤ ਹੀ ਸਨਮਾਨ ਹੈ ਕਿਉਂਕਿ ਇੰਨੇ ਵਖਰੇਵੇਂ ਭਰੇ ਦੇਸ਼ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਮੈਨੂੰ ਮਾਣ ਹੈ ਕਿ ਮੈਂ ਭਾਰਤ ਦੇ ਲੋਕਾਂ ਨੂੰ ਇੰਨੀ ਨੇੜਿਓਂ ਜਾਣਦਾ ਹਾਂ ਤੇ ਉਨ੍ਹਾਂ ਦਾ ਮੁਸ਼ਕਿਲ ਸਮੇਂ ’ਚ ਦਰਦ ਸਮਝ ਸਕਦਾ ਹਾਂ ।
ਹੇਡਨ ਨੇ ਅੱਗੇ ਲਿਖਿਆ ਕਿ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਸ਼ਾਇਦ ਹੀ ਉਥੇ ਰਹੇ ਹੋਣ ਤੇ ਉਸ ਦੇਸ਼ ਦੇ ਸੱਭਿਆਚਾਰ ਨੂੰ ਸਮਝਿਆ ਹੋਵੇ, ਉਹ ਵੀ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਨ। ਬਤੌਰ ਇਕ ਕ੍ਰਿਕਟਰ ਦੇ ਤੌਰ ’ਤੇ ਮੈਂ ਆਪਣੀ ਖੇਡ ਨਾਲ ਪਿਆਰ ਕਰਦਾ ਹਾਂ ਤੇ ਇਹੀ ਪਿਆਰ ਮੈਨੂੰ ਆਈ. ਪੀ. ਐੱਲ. ’ਚ ਭਾਰਤ ਖਿੱਚ ਲਿਆਉਂਦਾ ਹੈ। ਆਈ. ਪੀ. ਐੱਲ. ’ਚ ਮੇਰੇ ਦੇਸ਼ ਦੇ ਕਈ ਖਿਡਾਰੀ ਕਈ ਸਾਲਾਂ ਤੋਂ ਖੇਡ ਰਹੇ ਹਨ। ਇਸ ਸਮੇਂ ਜਦੋਂ ਲੋਕ ਇਸ ਦੇਸ਼ ਲਈ ਸਾਰੇ ਦਰਵਾਜ਼ੇ ਬੰਦ ਕਰ ਰਹੇ ਹਨ ਤਾਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੇ ਵਿਚਾਰ ਲਿਆਉਣਾ ਚਾਹੁੰਦਾ ਹਾਂ ਤਾਂ ਕਿ ਜੋ ਲੋਕ ਇਸ ਦੇਸ਼ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਸਕੇ।