ਰਬੜ ਬਾਲ ਕ੍ਰਿਕਟ ਖੇਡਦੇ ਹੋਏ ਸਕੂਪ ਸ਼ਾਟ ’ਚ ਮਹਾਰਤ ਹਾਸਲ ਕੀਤੀ : ਸੂਰਯਕੁਮਾਰ

Tuesday, Nov 08, 2022 - 09:09 PM (IST)

ਰਬੜ ਬਾਲ ਕ੍ਰਿਕਟ ਖੇਡਦੇ ਹੋਏ ਸਕੂਪ ਸ਼ਾਟ ’ਚ ਮਹਾਰਤ ਹਾਸਲ ਕੀਤੀ : ਸੂਰਯਕੁਮਾਰ

ਮੈਲਬੋਰਨਨ– ਸੂਰਯਕੁਮਾਰ ਯਾਦਵ ਦੀ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਰਿਚਰਡ ਨਗਾਰਵਾ ਦੀ ਗੇਂਦ ’ਤੇ ਲਗਾਈ ਗਈ ਸਕੂਪ ਸ਼ਾਟ ਟੀ-20 ਵਿਸ਼ਵ ਕੱਪ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸ ਹਮਲਾਵਰ ਭਾਰਤੀ ਬੱਲੇਬਾਜ਼ ਨੇ ਕਿਹਾ ਕਿ ਉਸ ਨੇ ਰਬੜ ਬਾਲ ਨਾਲ ਖੇਡਦੇ ਹੋਏ ਇਸ ਵਿਸ਼ੇਸ਼ ਸ਼ਾਟ ਵਿਚ ਮਹਾਰਤ ਹਾਸਲ ਕੀਤੀ ਸੀ। ਸੂਰਯਕੁਮਾਰ ਨੇ ਐਤਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ’ਤੇ ਆਪਣੀਆਂ ਵਿਲੱਖਣ ਸ਼ਾਟਾਂ ਨਾਲ 82,000 ਦਰਸ਼ਕਾਂ ਨੂੰ ਮੰਤਰਮੁਗਦ ਕਰ ਦਿੱਤਾ ਸੀ।

ਉਸ ਨੇ 25 ਗੇਂਦਾਂ ’ਤੇ ਅਜੇਤੂ 61 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ 5 ਵਿਕਟਾਂ ’ਤੇ 186 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਇਸ 32 ਸਾਲਾ ਬੱਲੇਬਾਜ਼ ਨੇ ਆਪਣੀ ਪਾਰੀ ਵਿਚ 4 ਛੱਕੇ ਤੇ 6 ਚੌਕੇ ਲਾਏ ਸਨ। ਪਾਰੀ ਦੀ ਆਖਰੀ ਗੇਂਦ ’ਤੇ ਲਗਾਈ ਗਈ ਉਸਦੀ ਇਕ ਸ਼ਾਟ ਵਿਸ਼ੇਸ਼ ਸੀ। ਉਸ ਨੇ ਗੋਡਿਆਂ ਦੇ ਭਾਰ ਬੈਠ ਕੇ ਰਿਚਰਡ ਨਗਾਰਵਾ ਦੀ ਆਫ ਸਟੰਪ ਵਿਚੋਂ ਬਾਹਰ ਦੀ ਫੁਲਟਾਸ ਨੂੰ ਸਕੂਪ ਕਰਕੇ 6 ਦੌੜਾਂ ਲਈ ਭੇਜ ਦਿੱਤਾ ਸੀ।

ਰਵੀ ਸ਼ਾਸਤਰੀ ਤੇ ਸੁਨੀਲ ਗਾਵਸਕਰ ਵਰਗੇ ਸਾਬਕਾ ਖਿਡਾਰੀਆਂ ਨੇ ਵੀ ਉਸਦੀ ਇਸ ਕੋਸ਼ਿਸ਼ ਦੀ ਰੱਝ ਕੇ ਸ਼ਲਾਘਾ ਕੀਤੀ। ਟੀ-20 ਵਿਸ਼ਵ ਕੱਪ ਦੇ ਨੰਬਰ ਇਕ ਬੱਲੇਬਾਜ਼ ਸੂਰਯਕੁਮਾਰ ਨੇ ਕਿਹਾ, ‘‘ਤੁਹਾਨੂੰ ਇਹ ਸਮਝਣਾ ਹੁੰਦਾ ਹੈ ਕਿ ਉਸ ਸਮੇਂ ਗੇਂਦਬਾਜ਼ ਕਿਹੜੀ ਗੇਂਦ ਕਰਨ ਵਾਲਾ ਹੈ ਜਿਹੜਾ ਕਿ ਉਸ ਸਮੇਂ ਕੁਝ ਹੱਦ ਤਕ ਪਹਿਲਾਂ ਤੋਂ ਨਿਰਧਾਰਿਤ ਹੁੰਦਾ ਹੈ। ਮੈਂ ਰਬੜ ਬਾਲ ਕ੍ਰਿਕਟ ਖੇਡਦੇ ਹੋਏ ਇਸ ਸ਼ਾਟ ਦਾ ਕਾਫੀ ਅਭਿਆਸ ਕੀਤਾ ਸੀ।’’

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ : ਕਤਰ ’ਚ ‘ਵਿਸ਼ੇਸ਼ ਸਮੇਂ' ’ਤੇ ਮਿਲੇਗੀ ਸ਼ਰਾਬ, ਮੈਡੀਕਲ ਸਹੂਲਤਾਂ ਲੈਣ ਲਈ ਇਹ ਖ਼ਾਸ ਸ਼ਰਤ ਜ਼ਰੂਰੀ

ਉਸ ਨੇ ਕਿਹਾ, ‘‘ਇਸ ਲਈ ਤੁਹਾਨੂੰ ਇਹ ਜਾਣਨਾ ਹੁੰਦਾ ਹੈ ਕਿ ਗੇਂਦਬਾਜ਼ ਉਸ ਸਮੇਂ ਕੀ ਸੋਚ ਰਿਹਾ ਹੈ। ਤਦ ਮੈਂ ਖੁਦ ’ਤੇ ਭਰੋਸਾ ਕਰਦਾ ਹਾਂ। ਤੁਹਾਨੂੰ ਪਤਾ ਹੁੰਦਾ ਹੈ ਕਿ ਬਾਊਂਡਰੀ ਕਿੰਨੀ ਦੂਰ ਹੈ। ਜਦੋਂ ਮੈਂ ਕ੍ਰੀਜ਼ ’ਤੇ ਹੁੰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਿਰਫ 60-65 ਮੀਟਰ ਦੂਰ ਹੈ ਤੇ ਗੇਂਦ ਦੀ ਤੇਜ਼ੀ ਨੂੰ ਸਮਝ ਕੇ ਸਹੀ ਟਾਈਮਿੰਗ ਨਾਲ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਗੇਂਦ ਨੂੰ ਬੱਲੇ ਦੇ ਸਵੀਟ ਸਪਾਟ ’ਤੇ ਲੈਣ ਦੀ ਕੋਸ਼ਿਸ਼ ਕਰਦਾ ਹਾਂ ਤੇ ਜੇਕਰ ਉਹ ਸਹੀ ਤਰ੍ਹਾਂ ਨਾਲ ਹਿੱਟ ਹੁੰਦੀ ਹੈ ਤਾਂ ਬਾਊਂਡਰੀ ਦੇ ਬਾਹਰ ਚਲੀ ਜਾਂਦੀ ਹੈ।’’

ਸੂਰਯਕੁਮਾਰ ਨੇ ਇਸ ’ਤੇ ਵੀ ਗੱਲ ਕੀਤੀ ਕਿ ਉਹ ਦਬਾਅ ਦੇ ਹਾਲਾਤ ਨਾਲ ਕਿਵੇਂ ਨਜਿੱਠਦਾ ਹੈ। ਉਸ ਨੇ ਕਿਹਾ, ‘‘ਜਦੋਂ ਮੈਂ ਬੱਲੇਬਾਜ਼ੀ ਲਈ ਜਾਂਦਾ ਹਾਂ ਤਾਂ ਕੁਝ ਬਾਊਂਡਰੀਆਂ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇ ਜੇਕਰ ਮੈਂ ਅਜਿਹਾ ਨਹੀਂ ਕਰ ਸਕਿਆ ਤਾਂ ਵਿਕਟਾਂ ਵਿਚਾਲੇ ਤੇਜ਼ੀ ਨਾਲ ਦੌੜ ਲਾ ਕੇ ਵੱਧ ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਜੇਕਰ ਤੁਸੀਂ ਵਿਰਾਟ ਭਰਾ ਦੇ ਨਾਲ ਬੱਲੇਬਾਜ਼ੀ ਕਰ ਰਹੇ ਹੋ ਤਾਂ ਤੁਹਾਨੂੰ ਤੇਜ਼ੀ ਨਾਲ ਦੌੜਾਂ ਲੈਣੀਆਂ ਹੀ ਪੈਣਗੀਆਂ।’’

ਸੂਰਯਕੁਮਾਰ ਨੇ ਕਿਹਾ, ‘ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਖਾਲੀ ਸਥਾਨਾਂ ’ਤੇ ਸ਼ਾਟਾਂ ਖੇਡ ਕੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਮੈਂ ਜਾਣਦਾ ਹਾਂ ਕਿ ਮੈਨੂੰ ਉਸ ਸਮੇਂ ਕਿਸ ਤਰ੍ਹਾਂ ਦੀ ਸ਼ਾਟ ਖੇਡਣ ਦੀ ਲੋੜ ਹੈ। ਮੈਂ ਸਵੀਪ, ਓਵਰ ਕਵਰ ਤੇ ਕੱਟ ਸ਼ਾਟ ਖੇਡਦਾ ਹਾਂ ਤੇ ਜੇਕਰ ਇਸ ਵਿਚ ਮੈਂ ਸਫਲ ਰਹਿਦਾ ਹਾਂ ਤਾਂ ਫਿਰ ਉੱਥੋਂ ਖੇਡ ਨੂੰ ਅੱਗੇ ਵਧਾਉਂਦਾ ਹਾਂ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News