ਟੋਕੀਓ ਪੈਰਾਲੰਪਿਕ : ਮਰੀਅੱਪਨ ਨੂੰ ਹਾਈ ਜੰਪ ''ਚ ਚਾਂਦੀ, ਸ਼ਰਦ ਨੂੰ ਕਾਂਸੀ, ਭਾਰਤ ਦੇ ਤਮਗ਼ੇ ਦੋਹਰੇ ਅੰਕ ''ਚ
Tuesday, Aug 31, 2021 - 07:14 PM (IST)
ਟੋਕੀਓ- ਸਾਬਕਾ ਚੈਂਪੀਅਨ ਮਰੀਅੱਪਨ ਥੰਗਾਵੇਲੂ ਤੇ ਸ਼ਰਦ ਕੁਮਾਰ ਨੇ ਮੰਗਲਵਾਰ ਨੂੰ ਇੱਥੇ ਪੁਰਸ਼ ਹਾਈ ਜੰਪ ਟੀ42 ਮੁਕਾਬਲੇ 'ਚ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗ਼ੇ ਜਿੱਤੇ ਜਿਸ ਨਾਲ ਟੋਕੀਓ ਪੈਰਾਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਵਿਚਾਲੇ ਭਾਰਤ ਦੇ ਤਮਗ਼ਿਆਂ ਦੀ ਗਿਣਤੀ 10 ਤਕ ਪਹੁੰਚ ਗਈ। ਮਰੀਅੱਪਨ ਨੇ 1.86 ਮੀਟਰ ਦੀ ਕੋਸ਼ਿਸ਼ ਦੇ ਨਾਲ ਚਾਂਦੀ ਤਮਗ਼ਾ ਆਪਣੇ ਨਾਂ ਕੀਤਾ ਜਦਕਿ ਅਮਰੀਕਾ ਦੇ ਸੈਮ ਗ੍ਰੇਵ ਨੇ ਆਪਣੀ ਤੀਜੀ ਕੋਸ਼ਿਸ਼ 'ਚ 1.88 ਮੀਟਰ ਦੇ ਜੰਪ ਨਾਲ ਸੋਨ ਤਮਗ਼ਾ ਜਿੱਤਿਆ। ਸ਼ਰਦ ਨੇ 1.83 ਮੀਟਰ ਦੀ ਕੋਸ਼ਿਸ਼ ਦੇ ਨਾਲ ਕਾਂਸੀ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ : ਪੈਰਾਲੰਪਿਕ: PM ਅਤੇ ਰਾਸ਼ਟਰਪਤੀ ਨੇ ਨਿਸ਼ਾਨੇਬਾਜ਼ ਸਿੰਘਰਾਜ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ
ਮੁਕਾਬਲੇ 'ਚ ਹਿੱਸਾ ਲੈ ਰਹੇ ਤੀਜੇ ਤੇ ਰੀਓ 2016 ਪੈਰਾਲੰਪਿਕ ਦੇ ਕਾਂਸੀ ਤਮਗ਼ਾ ਜੇਤੂ ਵਰੁਣ ਭਾਟੀ 9 ਮੁਕਾਬਲੇਬਾਜ਼ਾਂ 'ਚ ਸਤਵੇਂ ਸਥਾਨ 'ਤੇ ਰਹੇ। ਉਹ 1.77 ਮੀਟਰ ਦਾ ਜੰਪ ਲਾਉਣ 'ਚ ਅਸਫਲ ਰਹੇ। ਟੀ42 ਵਰਗ 'ਚ ਉਨ੍ਹਾਂ ਖਿਡਾਰੀਆਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਪੈਰ 'ਚ ਸਮੱਸਿਆ ਹੈ, ਪੈਰ ਦੀ ਲੰਬਾਈ 'ਚ ਫ਼ਰਕ ਹੈ, ਮਾਸਪੇਸ਼ੀਆਂ ਦੀ ਤਾਕਤ ਤੇ ਪਾਰ ਦੀ ਮੂਵਮੈਂਟ 'ਚ ਸਮੱਸਿਆ ਹੈ। ਇਸ ਵਰਗ 'ਚ ਖਿਡਾਰੀ ਖੜ੍ਹੇ ਹੋ ਕੇ ਮੁਕਾਬਲੇਬਾਜ਼ੀ ਪੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਿਸ਼ਾਨੇਬਾਜ਼ ਸਿੰਘਰਾਜ ਅਡਾਨਾ ਨੇ ਪੁਰਸ਼ 10 ਮੀਟਰ ਏਅਰ ਪਿਸਟਲ ਐੱਸ.ਐੱਫ.1 ਮੁਕਾਬਲੇ 'ਚ ਕਾਂਸੀ ਤਮਗ਼ਾ ਜਿੱਤਿਆ।
ਭਾਰਤ ਨੇ ਅਜੇ ਤਕ ਦੋ ਸੋਨ, ਪੰਜ ਚਾਂਦੀ ਤੇ ਤਿੰਨ ਕਾਂਸੀ ਤਮਗ਼ੇ ਜਿੱਤੇ ਹਨ। ਰੀਓ 'ਚ ਪੰਜ ਸਾਲ ਪਹਿਲਾਂ ਸੋਨ ਤਮਗ਼ਾ ਜੇਤੂ ਮਰੀਅੱਪਨ ਟੋਕੀਓ ਓਲੰਪਿਕ ਦੇ ਉਦਘਾਟਨ 'ਚ ਭਾਰਤ ਦੇ ਝੰਡਾ ਬਰਦਾਰ ਸਨ। ਉਨ੍ਹਾਂ ਨੂੰ ਸੋਨ ਤਮਗ਼ੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਪੰਜ ਸਾਲ ਦੀ ਉਮਰ 'ਚ ਬੱਸ ਹੇਠਾਂ ਆਉਣ ਦੇ ਬਾਅਦ ਉਨ੍ਹਾਂ ਦਾ ਸੱਜਾ ਪੈਰ ਖ਼ਰਾਬ ਹੋ ਗਿਆ ਸੀ। ਉਨ੍ਹਾਂ ਦੇ ਪਿਤਾ ਨੇ ਪਰਿਵਾਰ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਮਾਂ ਨੇ ਉਨ੍ਹਾਂ ਨੂੰ ਇਕੱਲਿਆਂ ਪਾਲਿਆ। ਉਨ੍ਹਾਂ ਦੀ ਮਾਂ ਮਜ਼ਦੂਰੀ ਕਰਦੀ ਸੀ ਤੇ ਬਾਅਦ 'ਚ ਸਬਜ਼ੀ ਵੇਚਣ ਲੱਗੂ। ਮਰੀਅੱਪਨ ਦਾ ਬਚਪਨ ਗ਼ਰੀਬੀ 'ਚ ਬੀਤਿਆ। ਦੂਜੇ ਪਾਸੇ ਪਟਨਾ ਦੇ ਰਹਿਣ ਵਾਲੇ ਸ਼ਰਦ ਕੁਮਾਰ ਦੋ ਸਾਲ ਦੀ ਉਮਰ 'ਚ ਪੋਲੀਓ ਦੀ ਨਕਲੀ ਖ਼ੁਰਾਕ ਲੈਣ ਦੇ ਬਾਅਦ ਖੱਬੇ ਪੈਰ 'ਚ ਲਕਵਾ ਮਾਰ ਗਿਆ ਸੀ। ਉਹ ਦੋ ਵਾਰ ਏਸ਼ੀਆਈ ਪੈਰਾ ਖੇਡਾਂ 'ਚ ਸੋਨ ਤਮਗ਼ੇ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੇ ਹੁਸੈਨ ਰਸੋਲੀ ਨੂੰ ਮਿਲਿਆ ਪੈਰਾਲੰਪਿਕ 'ਚ ਚੁਣੌਤੀ ਪੇਸ਼ ਕਰਨ ਦਾ ਮੌਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।