ਵਿਸ਼ਵ ਪ੍ਰਸਿੱਧ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਬਣਾਏ ਹਨ ਕਈ ਵਿਸ਼ਵ ਰਿਕਾਰਡ
Saturday, Apr 02, 2022 - 12:01 PM (IST)
ਸਪੋਰਟਸ ਡੈਸਕ- ਲੰਡਨ ਦੇ ਸ਼ਹਿਰ ਇਲਫੋਰਡ ਰਹਿੰਦੇ ਸਭ ਤੋਂ ਲੰਬੀ ਉਮਰ ਦੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ 111 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ’ਚ 1 ਅਪ੍ਰੈਲ 1911 ਨੂੰ ਹੋਇਆ। ਉਹ ਚਾਰ ਬੱਚਿਆਂ ’ਚ ਸਭ ਤੋਂ ਛੋਟੇ ਸਨ। ਉਨ੍ਹਾਂ ਦੀਆਂ ਲੱਤਾਂ ਬਹੁਤ ਪਤਲੀਆਂ ਅਤੇ ਕਮਜ਼ੋਰ ਹੋਣ ਕਰਕੇ ਉਹ ਪੰਜ ਸਾਲ ਤਕ ਤੁਰਨ ਤੋਂ ਅਸਮਰੱਥ ਸਨ ਅਤੇ ਥੋੜ੍ਹਾ ਤੁਰ ਕੇ ਥੱਕ ਜਾਂਦੇ ਸਨ। ਜਵਾਨ ਹੋਣ ’ਤੇ ਉਨ੍ਹਾਂ ’ਚ ਦੌੜਨ ਦਾ ਸ਼ੌਕ ਪੈਦਾ ਹੋ ਗਿਆ ਪਰ 1947 ’ਚ ਭਾਰਤ ਦੀ ਵੰਡ ਕਾਰਨ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ। ਵੰਡ ਦੇ ਦਰਦਨਾਕ ਦੌਰ ਤੋਂ ਬਾਅਦ ਉਨ੍ਹਾਂ ਨੇ ਦੌੜਨਾ ਛੱਡ ਦਿੱਤਾ। ਉਨ੍ਹਾਂ ਆਪਣਾ ਸਾਰਾ ਧਿਆਨ ਖੇਤੀਬਾੜੀ ’ਤੇ ਲਾਉਣਾ ਸ਼ੁਰੂ ਕਰ ਦਿੱਤਾ। ਫੌਜਾ ਸਿੰਘ ਨੇ ਆਪਣੀ ਜ਼ਿੰਦਗੀ ’ਚ ਬਹੁਤ ਉਤਰਾਅ-ਚੜ੍ਹਾਅ ਅਤੇ ਦੁੱਖ ਦੇਖੇ। 1992 ’ਚ ਆਪਣੀ ਜੀਵਨ ਸਾਥਣ ਦੇ ਦਿਹਾਂਤ ਤੋਂ ਬਾਅਦ ਉਹ ਆਪਣੇ ਪੁੱਤ ਕੋਲ ਲੰਡਨ ਚਲੇ ਗਏ, ਜਿਥੇ ਪਹੁੰਚ ਕੇ ਉਨ੍ਹਾਂ ਨੇ ਆਪਣੇ ਜਵਾਨੀ ਦੇ ਸ਼ੌਕ ਦੌੜਨ ਨੂੰ ਪੂਰਾ ਕਰਨ ਲਈ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਹ ਆਪਣਾ ਜ਼ਿਆਦਾ ਸਮਾਂ ਦੌੜਨ ’ਚ ਹੀ ਬਤੀਤ ਕਰਦੇ ਹਨ ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ 2022 ਫਾਈਨਲ ਡਰਾਅ : ਸਪੇਨ ਤੇ ਜਰਮਨੀ ਇਕ ਗਰੁੱਪ 'ਚ, ਦੇਖੋ ਪੂਰੀ ਲਿਸਟ
ਫੌਜਾ ਸਿੰਘ ਦੇ ਨਾਂ ਹਨ ਇਹ ਵਿਸ਼ਵ ਰਿਕਾਰਡ
ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ਨਾਲ ਸਨਮਾਨਿਤ ਕੀਤਾ। ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫੁਗਾਜ਼ੀ ਨੇ ਕਿਹਾ ਕਿ ਸਿੰਘ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਹੈ ਅਤੇ ਉਸ ਦਾ ਦੌੜਨਾ 11 ਸਤੰਬਰ ਨੂੰ ਹੋਏ ਅੱਤਵਾਦੀ ਪਾੜੇ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਉਹ ਸਭ ਤੋਂ ਵੱਡੀ ਪ੍ਰੇਰਣਾ ਹੈ। ਇਸ ਤੋਂ ਬਾਅਦ ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ਦਾ ਖਿਤਾਬ ਵੀ ਦਿੱਤਾ ਗਿਆ।
ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ
16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ’ਚ ਪੂਰੀ ਕਰ ਕੇ ਉਹ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਪਰ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ ਪਰ ਬਾਅਦ ’ਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੇਥ ਵਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਹੋਇਆ।
ਫੌਜਾ ਸਿੰਘ ਨੂੰ ਹਮੇਸ਼ਾ ਰਹੇਗਾ ਇਹ ਮਲਾਲ
ਫੌਜਾ ਸਿੰਘ ਪੜ੍ਹੇ-ਲਿਖੇ ਨਹੀਂ ਹਨ ਅਤੇ ਪੰਜਾਬੀ ਬੋਲਣੀ ਜਾਣਦੇ ਹਨ ਪਰ ਪੜ੍ਹਨੀ ਨਹੀਂ। ਉਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾ ਮਲਾਲ ਰਹੇਗਾ ਕਿ ਉਹ ਉੱਘੇ ਨਾਵਲਕਾਰ ਖੁਸ਼ਵੰਤ ਸਿੰਘ ਵਲੋਂ ਉਨ੍ਹਾਂ ਦੀ ਜ਼ਿੰਦਗੀ ’ਤੇ ਲਿਖੀ ਕਿਤਾਬ ‘ਟਰਬਨਡ ਟੋਰਨਾਡੋ’, ਜੋ 7 ਜੁਲਾਈ 2011 ਨੂੰ ਬ੍ਰਿਟੇਨ ਦੇ ‘ਹਾਊਸ ਆਫ਼ ਲਾਰਡਜ਼’ ਦੇ ਐਟਲੀ ਕਮਰੇ ’ਚ ਨੌਰਵੁੱਡ ਗ੍ਰੀਨ ਦੇ ਲਾਰਡ ਐਂਥਨੀ ਯੰਗ ਅਤੇ ਰਿਟਾਇਰਡ ਬ੍ਰਿਟਿਸ਼ ਕ੍ਰਾਊਨ ਕੋਰਟ ਦੇ ਜੱਜ ਸਰ ਮੋਤਾ ਸਿੰਘ ਵਲੋਂ ਰਸਮੀ ਤੌਰ ’ਤੇ ਜਾਰੀ ਕੀਤੀ ਗਈ ਸੀ , ਨਹੀਂ ਪੜ੍ਹ ਸਕਦੇ। ਉਸੇ ਕਿਤਾਬ ’ਤੇ ਬਾਲੀਵੁੱਡ ਦੇ ਡਾਇਰੈਕਟਰ ਉਮੰਗ ਕੁਮਾਰ ਫਿਲਮ ‘ਫੌਜਾ’ ਬਣਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ : ਆਈ. ਪੀ. ਐੱਲ. 'ਚ ਦਰਸ਼ਕਾਂ ਦੀ ਗਿਣਤੀ ਵਧਾਉਣ ਦੀ ਉੱਠੀ ਮੰਗ, ਸਾਹਮਣੇ ਆਇਆ ਬਿਆਨ
ਫੁੱਲ ਮੈਰਾਥਨ ਨੂੰ ਕਿਹਾ ਅਲਵਿਦਾ
ਆਪਣੀ ਵਧਦੀ ਉਮਰ ਕਾਰਨ 2012 ’ਚ ਉਨ੍ਹਾਂ ਨੇ ਫੁੱਲ ਮੈਰਾਥਨ ਨੂੰ ਅਲਵਿਦਾ ਕਹਿ ਦਿੱਤਾ ਅਤੇ ਹਾਫ ਮੈਰਾਥਨਜ਼ ’ਚ ਦੌੜਨਾ ਜਾਰੀ ਰੱਖਿਆ। ਡੇਵਿਡ ਬੈਕਹਮ ਅਤੇ ਮੁਹੰਮਦ ਅਲੀ ਨਾਲ ਬੂਟਾਂ ਦੇ ਮਸ਼ਹੂਰ ਬ੍ਰਾਂਡ ਐਡੀਡਾਸ ਲਈ 2004 ’ਚ ਇਕ ਇਸ਼ਤਿਹਾਰ ’ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਕਈ ਚੈਰਿਟੀ ਮੈਰਾਥਨਜ਼ ਵੀ ’ਚ ਹਿੱਸਾ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ