ਫਾਈਨਲ ''ਚ ਹਾਰੀ ਮੰਜੂ ਨੂੰ ਵਿਸ਼ਵ ਚੈਂਪੀਅਨਸ਼ਿਪ ''ਚ ਚਾਂਦੀ ਦੇ ਤਮਗੇ ਨਾਲ ਕਰਨਾ ਪਿਆ ਸਬਰ

10/13/2019 4:03:12 PM

ਉਲਾਨ ਉਦੇ— ਭਾਰਤੀ ਮੁੱਕੇਬਾਜ਼ ਮੰਜੂ ਰਾਣੀ ਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਲੀ ਹਾਰ ਦੇ ਬਾਅਦ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਹਰਿਆਣਾ ਦੀ ਇਸ ਮੁੱਕੇਬਾਜ਼ ਨੂੰ ਲਾਈਟ ਫਲਾਈਵੇਟ (48 ਕਿਲੋ) ਵਰਗ ਦੇ ਫਾਈਨਲ 'ਚ ਰੂਸ ਦੀ ਏਕਾਤੇਰਿਨਾ ਪਾਲਸੋਵਾ ਨੇ 4-1 ਨਾਲ ਹਰਾਇਆ। ਸ਼ਨੀਵਾਰ ਨੂੰ 20 ਸਾਲਾਂ ਦੀ ਹੋਣ ਜਾ ਰਹੀ ਰਾਣੀ ਫਾਈਨਲ 'ਚ ਇਕਮਾਤਰ ਭਾਰਤੀ ਸੀ। ਇਸ ਤੋਂ ਪਹਿਲਾਂ 6 ਵਾਰ ਦੀ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿਲੋ), ਜਮੁਨਾ ਬੋਰੋ (54 ਕਿਲੋ) ਅਤੇ ਲਵਲੀਨਾ ਬੋਰਗੋਹੇਨ (69 ਕਿਲੋ) ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।

ਰਾਣੀ ਅਤੇ ਉਨ੍ਹਾਂ ਦੀ ਵਿਰੋਧੀ ਮੁਕਾਬਲੇਬਾਜ਼ ਨੇ ਪਹਿਲੇ ਦੌਰ ਤੋਂ ਹੀ ਹਮਲਾਵਰਤਾ ਦਿਖਾਈ। ਪਹਿਲੇ ਤਿੰਨ ਮਿੰਟ 'ਚ ਰੂਸੀ ਮੁੱਕੇਬਾਜ਼ ਨੇ ਦਮਦਾਰ ਮੁੱਕੇ ਲਗਾਏ। ਦੂਜੇ ਦੌਰ 'ਚ ਰਾਣੀ ਨੇ ਚੰਗੇ ਜਵਾਬੀ ਹਮਲੇ ਕੀਤੇ ਅਤੇ ਸਥਾਨਕ ਮੱਕੇਬਾਜ਼ 'ਤੇ ਭਾਰੀ ਪਈ। ਆਖ਼ਰੀ ਤਿੰਨ ਮਿੰਟ 'ਚ ਦੋਹਾਂ ਨੇ ਸੰਭਲ ਕੇ ਖੇਡਿਆ। ਰੂਸੀ ਮੁੱਕੇਬਾਜ਼ ਨੂੰ ਬਿਹਤਰ ਰਿਫਲੈਕਸੇਸ ਕਾਰਨ ਜੇਤੂ ਐਲਾਨ ਦਿੱਤਾ ਗਿਆ। ਰਾਣੀ ਨੇ ਇਸ ਸਾਲ ਪੰਜਾਬ ਲਈ ਰਾਸ਼ਟਰੀ ਖਿਤਾਬ ਜਿੱਤ ਕੇ ਰਾਸ਼ਟਰੀ ਕੈਂਪ 'ਚ ਜਗ੍ਹਾ ਬਣਾਈ ਸੀ। ਉਨ੍ਹਾਂ ਨੇ ਇਸ ਸਾਲ ਪਹਿਲੀ ਵਾਰ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਖੇਡਦੇ ਹੋਏ ਚਾਂਦੀ ਤਮਗਾ ਜਿੱਤਿਆ। ਰੋਹਤਕ ਦੇ ਰਿਠਾਲ ਫੋਗਾਟ ਪਿੰਡ ਦੀ ਰਹਿਣ ਵਾਲੀ ਰਾਣੀ ਦੇ ਪਿਤਾ ਬੀ. ਐੱਸ. ਐੱਫ. 'ਚ ਅਧਿਕਾਰੀ ਸਨ ਜਿਨ੍ਹਾਂ ਦਾ ਕੈਂਸਰ ਕਾਰਨ 2010 'ਚ ਦਿਹਾਂਤ ਹੋ ਗਿਆ ਸੀ।


Tarsem Singh

Content Editor

Related News