ਮਨੀਸ਼ ਨਰਵਾਲ ਨੇ 10 ਮੀਟਰ ਏਅਰ ਪਿਸਟਲ ’ਚ ਜਿੱਤਿਆ ਚਾਂਦੀ ਤਮਗਾ
Saturday, Aug 31, 2024 - 11:39 AM (IST)
ਸ਼ੇਟਰਾਓ–ਭਾਰਤ ਦੇ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕ ਵਿਚ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ (ਐੱਸ. ਐੱਚ.1) ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ। 22 ਸਾਲਾ ਨਰਵਾਲ ਨੇ ਟੋਕੀਓ ਪੈਰਾਲੰਪਿਕ ਵਿਚ ਮਿਕਸਡ 50 ਮੀਟਰ ਪਿਸਟਲ ਐੱਸ. ਐੱਚ. 1 ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਸੀ। ਉਹ ਕੁਝ ਸਮੇਂ ਤੱਕ ਅੱਗੇ ਚੱਲ ਰਿਹਾ ਸੀ ਪਰ ਕੁਝ ਖਰਾਬ ਸ਼ਾਟਾਂ ਕਾਰਨ ਉਹ ਦੱਖਣੀ ਕੋਰੀਆ ਦੇ ਜੋ ਜਿਯੋਂਗਡੂ ਤੋਂ ਪਿਛੜ ਗਿਆ। ਭਾਰਤ ਦੇ ਨਿਸ਼ਾਨੇਬਾਜ਼ ਸ਼ਿਵਾ ਨਰਵਾਲ ਦੇ ਵੱਡੇ ਭਰਾ ਮਨੀਸ਼ ਨੇ 234.9 ਦਾ ਸਕੋਰ ਕੀਤਾ ਜਦਕਿ ਜਿਯੋਂਗਡੂ ਨੇ 237.4 ਦਾ ਸਕੋਰ ਕਰ ਕੇ ਸੋਨ ਤਮਗਾ ਜਿੱਤਿਆ। ਨਰਵਾਲ ਕੁਆਲੀਫਿਕੇਸ਼ਨ ਦੌਰ ਵਿਚ 565 ਦਾ ਸਕੋਰ ਕਰ ਕੇ 5ਵੇਂ ਸਥਾਨ ’ਤੇ ਰਿਹਾ ਸੀ। ਫਰੀਦਾਬਾਦ ਦੇ ਰਹਿਣ ਵਾਲੇ ਨਰਵਾਲ ਨੇ ਵੱਖ-ਵੱਖ ਰਾਸ਼ਟਰੀ ਤੇ ਕੌਮਾਂਤਰੀ ਟੂਰਨਾਮੈਂਟਾਂ ਵਿਚ ਕਈ ਤਮਗੇ ਜਿੱਤੇ ਹਨ।
ਭਾਰਤ ਦਾ ਰੁਦ੍ਰਾਂਕਸ਼ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕਿਆ ਤੇ 561 ਦਾ ਸਕੋਰ ਕਰ ਕੇ 9ਵੇਂ ਸਥਾਨ ’ਤੇ ਰਿਹਾ। ਐੱਸ. ਐੱਚ. 1 ਵਰਗ ਵਿਚ ਖਿਡਾਰੀ ਬਿਨਾਂ ਕਿਸੇ ਦਿੱਕਤ ਦੇ ਪਿਸਟਲ ਚੁੱਕ ਸਕਦੇ ਹਨ ਤੇ ਵ੍ਹੀਲਚੇਅਰ ਜਾਂ ਚੇਅਰ ’ਤੇ ਖੜ੍ਹੇ ਹੋ ਕੇ ਜਾਂ ਬੈਠ ਕੇ ਨਿਸ਼ਾਨਾ ਲਾ ਸਕਦੇ ਹਨ। ਸ਼ੇਖ ਆਖਰੀ ਸਥਾਨ ’ਤੇ ਰਹਿਣ ਤੋਂ ਬਾਅਦ ਬਾਹਰ ਭਾਰਤ ਦਾ ਅਰਸ਼ਦ ਸ਼ੇਖ ਪੈਰਿਸ ਪੈਰਾਲੰਪਿਕ ਦੀ ਟ੍ਰੈਕ ਸਾਈਕਲਿੰਗ ਪੁਰਸ਼ ਪਰਸਿਊਟ ਸੀ-2 ਪ੍ਰਤੀਯੋਗਿਤਾ ਦੇ ਕੁਆਲੀਫਾਇੰਗ ਦੌਰ ਵਿਚ ਸਭ ਤੋਂ ਆਖਰੀ 9ਵੇਂ ਸਥਾਨ ’ਤੇ ਰਹਿ ਕੇ ਬਾਹਰ ਹੋ ਗਿਆ। 31 ਸਾਲਾ ਸ਼ੇਖ ਨੇ 4:20.949 ਵਿਚ ਦੌੜ ਪੂਰੀ ਕੀਤੀ।
ਟਾਪ-4 ਨੇ ਫਾਈਨਲ ਲਈ ਕੁਆਲੀਫਾਈ ਕੀਤਾ। ਸ਼ੇਖ ਹੁਣ ਟ੍ਰੈਕ ਸਾਈਕਲਿੰਗ ਵਿਚ ਪੁਰਸ਼ਾਂ ਦੇ 1000 ਮੀਟਰ ਟਾਈਮ ਟ੍ਰਾਈਲ-ਸੀ 1.3 ਵਰਗ ਵਿਚ ਉਤਰੇਗਾ। ਉਹ ਰੋਡ ਸਾਈਕਲਿੰਗ ਵਿਚ ਵੀ ਹਿੱਸਾ ਲਵੇਗਾ। ਭਾਰਤ ਦੀ ਕਿਸ਼ਤੀ ਚਾਲਕ ਮਿਕਸਡ ਪੀ. ਆਰ. 3 ਡਬਲ ਸਕੱਲਸ ਹੀਟ ’ਚ 5ਵੇਂ ਸਥਾਨ ’ਤੇ ਰਹੇ ਭਾਰਤ ਦੀ ਅਨੀਤਾ ਤੇ ਨਾਰਾਇਣ ਕੋਂਗੰਨਾਪਾਲੇ ਦੀ ਮਿਕਸਡ ਜੋੜੀ ਪੈਰਿਸ ਪੈਰਾਲੰਪਿਕ ਦੀ ਮਿਕਸਡ ਪੀ.ਆਰ. 3 ਡਬਲ ਸਕੱਲਸ ਹੀਟ ਵਿਚ 5ਵੇਂ ਸਥਾਨ ’ਤੇ ਰਹੀ। ਭਾਰਤੀ ਜੋੜੀ ਨੇ 8:06.84 ਦਾ ਸਮਾਂ ਕੱਢਿਆ।