ਮਣਿਕਾ ਬੱਤਰਾ ਕਰੀਅਰ ਦੀ ਸਰਵਸ੍ਰੇਸ਼ਠ 24ਵੀਂ ਵਿਸ਼ਵ ਰੈਂਕਿੰਗ ’ਤੇ
Tuesday, May 14, 2024 - 09:23 PM (IST)

ਨਵੀਂ ਦਿੱਲੀ– ਚੋਟੀ ਦਰਜਾ ਪ੍ਰਾਪਤ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਸਾਊਦੀ ਸਮੈਸ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਕਰੀਅਰ ਦੀ ਸਰਵਸ੍ਰੇਸ਼ਠ ਸਿੰਗਲਜ਼ ਰੈਂਕਿੰਗ 24 ’ਤੇ ਪਹੁੰਚ ਗਈ ਹੈ ਤੇ ਵਿਸ਼ਵ ਰੈਂਕਿੰਗ ਵਿਚ ਟਾਪ-25 ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨ ਬਣੀ। ਟੂਰਨਾਮੈਂਟ ਤੋਂ ਪਹਿਲਾਂ 39ਵੇਂ ਸਥਾਨ ’ਤੇ ਕਾਬਜ਼ 28 ਸਾਲਾ ਖੇਲ ਰਤਨ ਐਵਾਰਡ ਜੇਤੂ ਮਣਿਕਾ ਨੇ ਜੇਧਾ ਵਿਚ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਤੇ ਆਪਣੇ ਇਸ ਪ੍ਰਦਰਸ਼ਨ ਨਾਲ 15 ਸਥਾਨਾਂ ਦੀ ਲੰਬੀ ਛਲਾਂਗ ਲਾਉਣ ਵਿਚ ਸਫਲ ਰਹੀ।
ਵਿਅਕਤੀਗਤ ਤੇ ਟੀਮ ਸ਼੍ਰੇਣੀਆਂ ਵਿਚ 2018 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਣਿਕਾ ਨੇ ਸਾਊਦੀ ਸਮੈਸ਼ ਵਿਚ ਆਖਰੀ-8 ਦੇ ਸਫਰ ਦੌਰਾਨ ਕਈ ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ਸੋਨ ਤਮਗਾ ਜੇਤੂ ਚੀਨ ਦੀ ਵੈਂਗ ਮਾਨਯੂ (ਦੂਜਾ ਦਰਜਾ ਪ੍ਰਾਪਤ) ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਇਹ ਪਹਿਲੀ ਵਾਰ ਸੀ ਜਦੋਂ ਕੋਈ ਭਾਰਤੀ ਮਹਿਲਾ ਖਿਡਾਰਨ ਟੂਰਨਾਮੈਂਟ ਵਿਚ ਇੰਨੀ ਅੱਗੇ ਵਧੀ। ਮਣਿਕਾ ਨੂੰ ਇਸ ਪ੍ਰਦਰਸ਼ਨ ਲਈ350 ਅੰਕ ਮਿਲੇ। ਮਣਿਕਾ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਰੈਂਕਿੰਗ ਵਿਚ ਸੁਧਾਰ ਸਹੀ ਸਮੇਂ ’ਤੇ ਹੋਇਆ ਹੈ ਕਿਉਂਕਿ ਉਸਦਾ ਟੀਚਾ ਪੈਰਿਸ ਓਲੰਪਿਕ ਵਿਚ ਜਗ੍ਹਾ ਪੱਕੀ ਕਰਨਾ ਹੈ।