ICC ਨੇ ਜਾਰੀ ਕੀਤੀ ਮਹਿਲਾ ਵਨਡੇ ਰੈਂਕਿੰਗ, ਸਮ੍ਰਿਤੀ ਮੰਧਾਨਾ ਦੀ ਹੋਈ ਚਾਂਦੀ, ਲਗਾਈ ਛਾਲ
Wednesday, Aug 21, 2024 - 04:46 PM (IST)

ਦੁਬਈ- ਭਾਰਤੀ ਮਹਿਲਾ ਟੀਮ ਦੀ ਦਿੱਗਜ ਬੱਲੇਬਾਜ਼ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਮੰਗਲਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਮਹਿਲਾ ਵਨਡੇ ਰੈਂਕਿੰਗ 'ਚ ਤੀਜਾ ਸਥਾਨ ਹਾਸਲ ਕੀਤਾ ਹੈ। ਮੰਧਾਨਾ ਇੱਕ ਸਥਾਨ ਦੇ ਸੁਧਾਰ ਨਾਲ ਸਿਖਰਲੇ ਤਿੰਨ ਵਿੱਚ ਪਹੁੰਚ ਗਈ ਹੈ। ਮੰਧਾਨਾ ਦੇ 738 ਰੇਟਿੰਗ ਅੰਕ ਹਨ ਅਤੇ ਉਹ ਵਨਡੇ ਫਾਰਮੈਟ ਵਿੱਚ ਭਾਰਤ ਦੀ ਚੋਟੀ ਦੀ ਰੈਂਕਿੰਗ ਵਾਲੀ ਬੱਲੇਬਾਜ਼ ਹੈ। ਇਸ ਸੂਚੀ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣਾ ਨੌਵਾਂ ਸਥਾਨ ਬਰਕਰਾਰ ਰੱਖਿਆ ਹੈ। ਮੰਧਾਨਾ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਚੌਥੇ ਸਥਾਨ ਦਾ ਬਚਾਅ ਕਰਨ 'ਚ ਸਫਲ ਰਹੀ। ਸਮਰਾਵਿਕਰਮਾ ਅਤੇ ਆਇਰਲੈਂਡ ਦੀ ਸਲਾਮੀ ਬੱਲੇਬਾਜ਼ ਗੈਬੀ ਲੁਈਸ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕਰਨ ਵਿੱਚ ਸਫਲ ਰਹੀ। ਸ਼੍ਰੀਲੰਕਾ ਅਤੇ ਆਇਰਲੈਂਡ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ 'ਚ 44 ਗੇਂਦਾਂ 'ਚ 65 ਦੌੜਾਂ ਦੀ ਪਾਰੀ ਖੇਡਣ ਵਾਲੀ ਸਮਰਾਵਿਕਰਮਾ ਤਿੰਨ ਸਥਾਨ ਦੇ ਸੁਧਾਰ ਨਾਲ 13ਵੇਂ ਸਥਾਨ 'ਤੇ ਪਹੁੰਚ ਗਈ, ਜਦਕਿ 75 ਗੇਂਦਾਂ 'ਚ 119 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲੀ ਲੁਈਸ ਚਾਰ ਸਥਾਨਾਂ ਦੇ ਸੁਧਾਰ ਨਾਲ 21ਵੇਂ ਸਥਾਨ 'ਤੇ ਪਹੁੰਚ ਗਈ। ਲੁਈਸ ਇਸ ਤੋਂ ਪਹਿਲਾਂ ਜੁਲਾਈ 2022 'ਚ ਇਸ ਰੈਂਕਿੰਗ 'ਤੇ ਪਹੁੰਚੀ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਹਾਲ ਹੀ 'ਚ ਖਤਮ ਹੋਏ ਮਹਿਲਾ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਹਾਲਾਂਕਿ ਟੀਮ ਫਾਈਨਲ 'ਚ ਮੇਜ਼ਬਾਨ ਸ਼੍ਰੀਲੰਕਾ ਤੋਂ ਹਾਰ ਗਈ ਸੀ। ਹੁਣ ਟੀਮ ਨੂੰ 3 ਅਕਤੂਬਰ ਤੋਂ ਯੂਏਈ ਵਿੱਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਖੇਡਣਾ ਹੈ। ਭਾਰਤ ਦਾ ਪਹਿਲਾ ਮੈਚ 4 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।