ਮਾਨਵ ਦੀਆਂ 7 ਵਿਕਟਾਂ ਦੀ ਮਦਦ ਨਾਲ ਭਾਰਤ-ਸੀ ਨੇ ਦਿਲੀਪ ਟਰਾਫੀ ਮੈਚ ’ਚ ਭਾਰਤ-ਡੀ ਨੂੰ ਹਰਾਇਆ
Sunday, Sep 08, 2024 - 10:57 AM (IST)
ਅਨੰਤਪੁਰ (ਆਂਧਰਾ ਪ੍ਰਦੇਸ਼)–ਨੌਜਵਾਨ ਖੱਬੇ ਹੱਥ ਦੇ ਸਪਿਨਰ ਮਾਨਵ ਸੁਧਾਰ ਨੇ ਪਹਿਲੀ ਪਾਰੀ ਵਿਚ ਮਿਲੀ ਲੈਅ ਨੂੰ ਦੂਜੀ ਪਾਰੀ ’ਚ ਵੀ ਜਾਰੀ ਰੱਖਦੇ ਹੋਏ 7 ਵਿਕਟਾਂ ਲਈਆਂ, ਜਿਸ ਨਾਲ ਦਿਲੀਪ ਟਰਾਫੀ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਭਾਰਤ-ਡੀ ਦੀ ਪਾਰੀ ਲੜਖੜਾ ਗਈ ਤੇ ਭਾਰਤ-ਸੀ ਨੇ 4 ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਮੈਚ ਦੇ ਤੀਜੇ ਦਿਨ ਜਿੱਤ ਲਈ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ-ਸੀ ਦੇ ਚੋਟੀਕ੍ਰਮ ਨੇ ਬੱਲੇ ਨਾਲ ਉਪਯੋਗੀ ਯੋਗਦਾਨ ਦਿੱਤਾ। ਕਪਤਾਨ ਰਿਤੂਰਾਜ ਗਾਇਕਵਾੜ (36), ਆਰੀਅਨ ਜੁਯਾਲ (47) ਤੇ ਰਜਤ ਪਾਟੀਦਾਰ (44) ਨੇ ਮਹੱਤਵਪੂਰਨ ਪਾਰੀਆਂ ਖੇਡ ਕੇ ਟੀਮ ਨੂੰ ਟੀਚੇ ਦੇ ਨੇੜੇ ਪਹੁੰਚਾਇਆ ਤਾਂ ਉੱਥੇ ਹੀ ਅਭਿਸ਼ੇਕ ਪੋਰੇਲ ਨੇ ਦਬਾਅ ਦੇ ਪਲਾਂ ਵਿਚ ਅਜੇਤੂ 35 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ।
ਭਾਰਤ-ਡੀ ਨੇ ਦਿਨ ਦੀ ਸ਼ੁਰੂਆਤ 8 ਵਿਕਟਾਂ ’ਤੇ 206 ਦੌੜਾਂ ਤੋਂ ਕੀਤੀ ਤੇ ਅਕਸ਼ਰ ਪਟੇਲ ਤੇ ਹਰਸ਼ਿਤ ਰਾਣਾ ਕ੍ਰੀਜ਼ ’ਤੇ ਸਨ। ਇਸ ਜੋੜੀ ਦੀ 30 ਦੌੜਾਂ ਦੀ ਸਾਂਝੇਦਾਰੀ ਨੂੰ ਸੁਥਾਰ ਨੇ ਅਕਸ਼ਰ (28) ਨੂੰ ਆਊਟ ਕਰ ਕੇ ਤੋੜਿਆ। ਉਸ ਨੇ ਇਸ ਤੋਂ ਬਾਅਦ ਆਦਿੱਤਿਆ ਠਾਕਰੇ (0) ਨੂੰ ਆਊਟ ਕੀਤਾ, ਜਿਸ ਨਾਲ ਭਾਰਤ-ਡੀ ਦੀ ਦੂਜੀ ਪਾਰੀ 236 ਦੌੜਾਂ ’ਤੇ ਸਿਮਟ ਗਈ।
ਟੀਚੇ ਦਾ ਪਿੱਛਾ ਕਰਦੇ ਹੋਏ ਗਾਇਕਵਾੜ ਤੇ ਸਾਈ ਸੁਦਰਸ਼ਨ (22) ਨੇ 64 ਦੌੜਾਂ ਦੀ ਸਾਂਝੇਦਾਰੀ ਦੇ ਨਾਲ ਭਾਰਤ-ਸੀ ਨੂੰ ਚੰਗੀ ਸ਼ੁਰੂਆਤ ਦਿਵਾਈ। ਸਾਰਾਂਸ਼ ਜੈਨ ਨੇ ਸੁਦਰਸ਼ਨ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਨ ਤੋਂ ਬਾਅਦ ਗਾਇਕਵਾੜ ਨੂੰ ਵੀ ਚੱਲਦਾ ਕੀਤਾ। ਜੁਆਲ ਤੇ ਪਾਟੀਦਾਰ ਨੇ ਇਸ ਤੋਂ ਬਾਅਦ ਤੀਜੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ। ਜੈਨ ਨੇ ਮੈਚ ਵਿਚ ਇਕ ਵਾਰ ਫਿਰ ਸਾਂਝੇਦਾਰੀ ਨੂੰ ਤੋੜਨ ਦਾ ਕੰਮ ਕੀਤਾ। ਉਸ ਨੇ ਪਾਟੀਦਾਰ ਨੂੰ ਆਊਟ ਕੀਤਾ ਜਦਕਿ ਇਸ ਦੇ ਤੁਰੰਤ ਬਾਅਦ ਅਰਸ਼ਦੀਪ ਸਿੰਘ ਨੇ ਜੁਆਲ ਨੂੰ ਚਲਦਾ ਕੀਤਾ। ਭਾਰਤ-ਸੀ ਦੀ ਟੀਮ 191 ਦੌੜਾਂ ’ਤੇ 6 ਵਿਕਟਾਂ ਗਵਾਉਣ ਤੋਂ ਬਾਅਦ ਦਬਾਅ ਵਿਚ ਸੀ ਪਰ ਪੋਰੇਲ ਤੇ ਸੁਥਾਰ (ਅਜੇਤੂ 19) ਨੇ ਇਸ ਤੋਂ ਬਾਅਦ 7ਵੀਂ ਵਿਕਟ ਲਈ 42 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਭਾਰਤ-ਡੀ ਲਈ ਖੱਬੇ ਹੱਥ ਦੇ ਆਫ ਸਪਿਨਰ ਜੈਨ ਨੇ ਚਾਰ ਵਿਕਟਾਂ ਲਈਆਂ।