ਪਾਕਿਸਤਾਨੀ ਦੇ ਘਰੇਲੂ ਕ੍ਰਿਕਟਰਾਂ ਦੀ ਤਨਖਾਹ ''ਚ ਵੱਡਾ ਵਾਧਾ
Tuesday, Sep 08, 2020 - 07:39 PM (IST)
ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੰਗਲਵਾਰ ਨੂੰ ਐਲਾਨ ਸੋਧੇ ਤਨਖਾਹ ਢਾਂਚੇ ਅਨੁਸਾਰ ਦੇਸ਼ ਦੇ ਚੋਟੀ ਦੇ ਘਰੇਲੂ ਕ੍ਰਿਕਟਰ ਇਕ ਸੈਸ਼ਨ ਵਿਚ ਇਸ ਖੇਡ ਤੋਂ 32 ਲੱਖ ਪੀ. ਕੇ. ਆਰ. (ਲਗਭਗ 14 ਲੱਖ ਭਾਰਤੀ ਰੁਪਏ) ਦੀ ਕਮਾਈ ਕਰ ਸਕਦੇ ਹਨ, ਜਿਸ ਵਿਚ ਡੇਢ ਲੱਖ ਪੀ. ਕੇ. ਆਰ. (ਲਗਭਗ 66 ਹਜ਼ਾਰ ਭਾਰਤੀ ਰੁਪਏ) ਮਹੀਨਾ ਰਿਟੇਨਰ ਵੀ ਸ਼ਾਮਲ ਹਨ। ਬੋਰਡ ਨੇ 30 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਤੋਂ ਪਹਿਲਾਂ ਨਵੇਂ ਤਨਖਾਹ ਢਾਂਚੇ ਦਾ ਐਲਾਨ ਕੀਤਾ, ਜਿਸ ਵਿਚ ਘਰੇਲੂ ਖਿਡਾਰੀ 2019-20 ਸੈਸ਼ਨ ਦੀ ਤੁਲਨਾ ਵਿਚ ਘੱਟ ਤੋਂ ਘੱਟ 7 ਫੀਸਦੀ ਵੱਧ ਕਮਾਈ ਕਰਨਗੇ। ਪੀ. ਸੀ. ਬੀ. ਨੇ ਜਾਰੀ ਬਿਆਨ ਵਿਚ ਕਿਹਾ, ''ਚੋਟੀ ਦੇ ਘਰੇਲੂ ਕ੍ਰਿਕਟਰ ਵੱਧ ਤੋਂ ਵੱਧ 32 ਲੱਖ ਪੀ. ਕੇ. ਆਰ. ਦੀ ਕਮਾਈ ਕਰ ਸਕਦੇ ਹਨ, ਜਿਹੜੇ ਪਿਛਲੇ ਸੈਸ਼ਨ ਦੀ ਤੁਲਨਾ ਵਿਚ 83 ਫੀਸਦੀ ਵੱਧ ਹਨ। ਇਨ੍ਹਾਂ ਖਿਡਾਰੀਆਂ ਦੀ ਘੱਟੋ-ਘੱਟ ਕਮਾਈ 18 ਲੱਖ ਪੀ. ਕੇ. ਆਰ. (ਪਾਕਿਸਤਾਨੀ ਰੁਪਏ) ਹੋਵੇਗੀ, ਜਿਹੜੀ ਪਿਛਲੇ ਸੈਸ਼ਨ ਦੀ ਤੁਲਨਾ ਵਿਚ ਸੱਤ ਫੀਸਦੀ ਵੱਧ ਹੋਵੇਗੀ।''
ਬੋਰਡ ਨੇ ਦੱਸਿਆ, ''ਏ-ਪਲੱਸ ਵਰਗ ਵਿਚ ਆਉਣ ਵਾਲੇ ਖਿਡਾਰੀਆਂ ਨੂੰ 12 ਮਹੀਨਿਆਂ ਤਕ ਡੇਢ ਲੱਖ ਪੀ. ਕੇ. ਆਰ. ਦੀ ਮਾਸਿਕ ਰਿਟੇਨਰਸ਼ਿਪ ਮਿਲੇਗੀ। ਖਿਡਾਰੀਆਂ ਨੂੰ ਇਸ ਤੋਂ ਇਲਾਵਾ ਰਾਸ਼ਟਰੀ ਟੀ-20 ਕੱਪ ਤੇ ਪਾਕਿਸਤਾਨ ਕੱਪ ਲਈ ਪ੍ਰਤੀ ਮੈਚ 40,000 ਪੀ. ਕੇ. ਆਰ. ਮਿਲਣਗੇ ਜਦਕਿ ਕਾਇਦੇ ਆਜ਼ਮ ਟਰਾਫੀ ਲਈ ਉਨ੍ਹਾਂ ਨੂੰ ਪ੍ਰਤੀ ਮੈਚ 60,000 ਪੀ. ਕੇ. ਆਰ. ਮਿਲਣਗੇ।'' ਬੋਰਡ ਨੇ ਕਿਹਾ ਕਿ ਹਰ ਵਰਗ ਦੇ ਖਿਡਾਰੀ ਦਾ ਮਾਸਿਕ ਰਿਟੇਰਨਸ਼ਿਪ ਵੱਖ-ਵੱਖ ਹੈ ਪਰ ਸਾਰਿਆਂ ਨੂੰ ਇਕ ਬਰਾਬਰ ਮੈਚ ਫੀਸ ਮਿਲੇਗੀ। ਪੀ. ਸੀ. ਬੀ. ਦੀ ਨਵੀਂ ਸੂਚੀ ਵਿਚ ਇਕ ਪਲਸ ਵਰਗ ਵਿਚ 10 ਖਿਡਾਰੀ ਹਨ, ਜਿਨ੍ਹਾਂ ਨੂੰ ਡੇਢ ਲੱਖ ਪੀ. ਕੇ. ਆਰ. ਮਾਸਿਕ ਰਿਟੇਨਰਸ਼ਿਪ ਮਿਲੇਗੀ। ਏ-ਵਰਗ ਦੇ 38 ਖਿਡਾਰੀਆਂ ਨੂੰ 85,000 ਪੀ. ਕੇ. ਆਰ. (ਲਗਭਗ 37 ਹਜ਼ਾਰ ਰੁਪਏ), ਜਦਕਿ ਬੀ-ਵਰਗ ਦੇ 48 ਖਿਡਾਰੀਆਂ ਨੂੰ 75,000 ਪੀ. ਕੇ. ਆਰ. (ਲਗਭਗ 33 ਹਜ਼ਾਰ ਰੁਪਏ) ਮਿਲਣਗੇ। ਸਭ ਤੋਂ ਜ਼ਿਆਦਾ 72 ਖਿਡਾਰੀ ਸੀ-ਵਰਗ ਵਿਚ ਹਨ, ਜਿਨ੍ਹਾਂ ਨੂੰ 65,000 ਪੀ. ਕੇ. ਆਰ. (ਲਗਭਗ 28 ਹਜ਼ਾਰ ਰੁਪਏ) ਤੇ ਉਥੇ ਹੀ ਡੀ-ਵਰਗ ਦੇ 24 ਖਿਡਾਰੀਆਂ ਨੂੰ 40,000 ਪੀ. ਕੇ. ਆਰ. (ਲਗਭਗ 17.5 ਹਜ਼ਾਰ ਰੁਪਏ) ਦੀ ਮਾਸਿਕ ਤਨਖਾਹ ਮਿਲੇਗੀ।