ਮਾਹੇਸ਼ਵਰੀ ਅਤੇ ਅਨੰਤਜੀਤ ਨੇ ਸਕੀਟ ਮਿਕਸਡ ਟੀਮ ਰਾਸ਼ਟਰੀ ਖਿਤਾਬ ਜਿੱਤਿਆ
Thursday, Dec 26, 2024 - 10:55 AM (IST)
ਨਵੀਂ ਦਿੱਲੀ– ਮਾਹੇਸ਼ਵਰੀ ਚੌਹਾਨ ਅਤੇ ਅਨੰਤਜੀਤ ਸਿੰਘ ਨਰੂਕਾ ਦੀ ਜੋੜੀ ਨੇ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਰਾਜਸਥਾਨ ਲਈ ਸਕੀਟ ਮਿਕਸਡ ਟੀਮ ਖਿਤਾਬ ਜਿੱਤਿਆ। ਡਾ. ਕਰਨੀ ਸਿੰਘ ਨਿਸ਼ਾਨੇਬਾਜ਼ੀ ਰੇਂਜ ’ਤੇ ਖੇਡੇ ਗਏ ਫਾਈਨਲ ’ਚ ਦੋਵਾਂ ਨੇ ਉੱਤਰ ਪ੍ਰਦੇਸ਼ ਦੇ ਮੈਰਾਜ ਅਹਿਮਦ ਖਾਨ ਅਤੇ ਅਰੀਬਾ ਖਾਨ ਦੀ ਜੋੜੀ ਨੂੰ 44-43 ਨਾਲ ਹਰਾਇਆ। ਪੰਜਾਬ ਦੀ ਗਨੀਮਤ ਸੇਖੋਂ ਅਤੇ ਅਭੈ ਸਿੰਘ ਸੇਖੋਂ ਨੇ ਕਾਂਸੀ ਤਮਗਾ ਜਿੱਤਿਆ।
ਇਸ ਤੋਂ ਪਹਿਲਾਂ ਮਾਹੇਸ਼ਵਰੀ ਅਤੇ ਅਨੰਤਜੀਤ ਨੇ 25 ਸ਼ਾਟ ਦੇ 3 ਦੌਰ ’ਚ ਕ੍ਰਮਵਾਰ 72 ਅਤੇ 71 ਸਕੋਰ ਕਰ ਕੇ 7 ਟੀਮਾਂ ਦੇ ਕੁਆਲੀਫਿਕੇਸ਼ਨ ਦੌਰ ’ਚ ਪਹਿਲਾ ਸਥਾਨ ਹਾਸਲ ਕੀਤਾ। ਮੈਰਾਜ ਅਤੇ ਅਰੀਬਾ, ਗਨੀਮਤ ਅਤੇ ਅਭੈ ਅਤੇ ਹਰਿਆਣਾ ਦੀ ਰਾਈਜਾ ਢਿੱਲੋਂ ਅਤੇ ਈਸ਼ਾਨ ਲਿਬਰਾ 141 ਅੰਕ ਲੈ ਕੇ ਦੂਜੇ ਸਥਾਨ ’ਤੇ ਸਨ ਪਰ ਸ਼ੂਟਆਫ ’ਚ ਉੱਤਰ ਪ੍ਰਦੇਸ਼ ਦੀ ਟੀਮ ਨੇ ਬਾਜ਼ੀ ਮਾਰੀ। ਜੂਨੀਅਰ ਸਕੀਟ ਮਿਕਸਡ ਟੀਮ ਵਰਗ ’ਚ ਮੱਧ ਪ੍ਰਦੇਸ਼ ਦੇ ਜਯੋਤਿਰਦਿਤਿਆ ਸਿੰਘ ਅਤੇ ਮਾਨਸੀ ਰਘੁਵੰਸ਼ੀ ਨੇ ਈਸ਼ਾਨ ਅਤੇ ਸੰਜਨਾ ਸੂਦ ਨੂੰ ਸ਼ੂਟਆਫ ’ਚ 4-2 ਨਾਲ ਹਰਾ ਕੇ ਖਿਤਾਬ ਜਿੱਤਿਆ। ਤੇਲੰਗਾਨਾ ਦੇ ਮੁਨੇਕ ਬਾਟੁਲਾ ਅਤੇ ਜਾਹਰਾ ਦੀਸਾਵਾਲਾ ਨੂੰ ਕਾਂਸੀ ਤਮਗਾ ਮਿਲਿਆ।