ਲਵਲੀਨਾ ਵਲੋਂ ਉਦਘਾਟਨ ਸਮਾਰੋਹ ਵਿਚਾਲੇ ਹੀ ਛੱਡਣ ''ਤੇ ਦਲ ਪ੍ਰਮੁੱਖ ਨਾਰਾਜ਼
Saturday, Jul 30, 2022 - 11:48 AM (IST)
ਬਰਮਿੰਘਮ- ਓਲੰਪਿਕ 'ਚ ਕਾਂਸੀ ਤਮਗ਼ਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਗਮ ਨੂੰ ਵਿਚਾਲੇ ਹੀ ਛੱਡ ਗਈ। ਲਵਲੀਨਾ ਨੂੰ ਅਜਿਹਾ ਕਰਨਾ ਮਹਿੰਗਾ ਪਿਆ ਕਿਉਂਕਿ ਇਸ ਤੋਂ ਬਾਅਦ ਉਹ ਲਗਭਗ ਇਕ ਘੰਟੇ ਤਕ ਫਸੀ ਰਹੀ। ਉਦਘਾਟਨੀ ਸਮਾਗਮ ਵੀਰਵਾਰ ਰਾਤ ਨੂੰ ਲਗਭਗ ਦੋ ਘੰਟੇ ਤਕ ਚੱਲਿਆ ਤੇ ਲਵਲੀਨਾ ਨੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਇਕ ਮੈਂਬਰ ਮੁਹੰਮਦ ਹੁਸਾਮੂਦੀਨ ਨਾਲ ਅਲੈਗਜ਼ੈਂਡਰ ਸਟੇਡੀਅਮ ਤੋਂ ਖੇਡ ਪਿੰਡ ਲਈ ਜਲਦੀ ਨਿਕਲਣ ਦਾ ਫ਼ੈਸਲਾ ਕੀਤਾ। ਲਵਲੀਨਾ ਤੋਂ ਜਦ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਮਾਗਮ ਨੂੰ ਵਿਚਾਲੇ ਕਿਉਂ ਛੱਡਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਸਵੇਰੇ ਅਭਿਆਸ ਕਰਨਾ ਚਾਹੁੰਦੇ ਸੀ ਕਿਉਂਕਿ ਇਸ ਤੋਂ ਇਕ ਦਿਨ ਬਾਅਦ ਸਾਡਾ ਮੁਕਾਬਲਾ ਹੈ। ਸਮਾਗਮ ਚੱਲ ਰਿਹਾ ਸੀ ਤੇ ਅਸੀਂ ਤਦ ਨਿਕਲਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ: 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਫਾਈਨਲ 'ਚ ਪੁੱਜੇ ਸ਼੍ਰੀਹਰੀ ਨਟਰਾਜ
ਅਸੀਂ ਟੈਕਸੀ ਉਪਲੱਬਧ ਕਰਵਾਉਣ ਲਈ ਕਿਹਾ ਪਰ ਸਾਨੂੰ ਦੱਸਿਆ ਗਿਆ ਕਿ ਟੈਕਸੀ ਉਪਲੱਬਧ ਨਹੀਂ ਹੈ। ਸਮਾਗਮ ਚੱਲ ਰਿਹਾ ਸੀ ਤੇ ਇਹ ਦੋਵੇਂ ਹੀ ਮੁੱਕੇਬਾਜ਼ ਆਪ ਟੈਕਸੀ ਨਹੀਂ ਕਰ ਸਕੇ। ਇਸ ਕਾਰਨ ਉਨ੍ਹਾਂ ਦੇ ਕੋਲ ਖੇਡ ਪਿੰਡ ਪੁੱਜਣ ਦਾ ਕੋਈ ਬਦਲ ਨਹੀਂ ਸੀ। ਬਾਅਦ ਵਿਚ ਉਨ੍ਹਾਂ ਨੇ ਰਾਸ਼ਟਰੀ ਪ੍ਰਦਰਸ਼ਨੀ ਕੇਂਦਰ ਤੋਂ ਖੇਡ ਪਿੰਡ ਜਾਣ ਵਾਲੀ ਪਹਿਲੀ ਬਸ ਫੜੀ। ਭਾਰਤੀ ਟੀਮ ਨੂੰ ਪ੍ਰਬੰਧਕਾਂ ਨੇ ਤਿੰਨ ਕਾਰਾਂ ਉਪਲੱਬਧ ਕਰਵਾਈਆਂ ਸਨ ਪਰ ਉਨ੍ਹਾਂ ਕੋਲ ਡਰਾਈਵਰ ਮੌਜੂਦ ਨਹੀਂ ਸਨ ਕਿਉਂਕਿ ਭਾਰਤੀ ਖਿਡਾਰੀ ਤੇ ਅਧਿਕਾਰੀ ਬੱਸਾਂ ਰਾਹੀਂ ਉਦਘਾਟਨੀ ਸਮਾਗਮ ਵਿਚ ਪੁੱਜੇ ਸਨ।
ਭਾਰਤੀ ਟੀਮ ਦੇ ਮੁਖੀ ਰਾਜੇਸ਼ ਭੰਡਾਰੀ ਨੇ ਜ਼ਾਹਰ ਕੀਤੀ ਨਾਰਾਜ਼ਗੀ
ਭਾਰਤੀ ਟੀਮ ਦੇ ਮੁਖੀ ਰਾਜੇਸ਼ ਭੰਡਾਰੀ ਇਸ ਪੂਰੇ ਘਟਨਾਕ੍ਰਮ ਤੋਂ ਨਾਖ਼ੁਸ਼ ਸਨ। ਭੰਡਾਰੀ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਉੱਪ ਪ੍ਰਧਾਨ ਵੀ ਹਨ। ਭੰਡਾਰੀ ਨੇ ਕਿਹਾ ਕਿ ਸਮਾਗਮ ਵਿਚਾਲੇ ਹੀ ਮੈਨੂੰ ਪਤਾ ਲੱਗਾ ਕਿ ਉਹ ਇਕ ਹੋਰ ਮੁੱਕੇਬਾਜ਼ ਨਾਲ ਵਾਪਸ ਮੁੜ ਗਈ ਹੈ। ਅਸੀਂ ਸਾਰੇ ਬੱਸਾਂ ਵਿਚ ਆਏ ਸੀ ਤੇ ਤਦ ਟੈਕਸੀ ਦਾ ਬਦਲ ਉਪਲੱਬਧ ਨਹੀਂ ਸੀ। ਜੇ ਉਨ੍ਹਾਂ ਨੇ ਜਲਦੀ ਮੁੜਨਾ ਸੀ ਤਾਂ ਫਿਰ ਉਨ੍ਹਾਂ ਨੂੰ ਸਮਾਗਮ ਵਿਚ ਨਹੀਂ ਆਉਣਾ ਚਾਹੀਦਾ ਸੀ।
ਕਈ ਹੋਰ ਖਿਡਾਰੀਆਂ ਨੇ ਵੀ ਸਮਾਗਮ ਵਿਚ ਨਾ ਆਉਣ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਅਗਲੇ ਦਿਨ ਉਨ੍ਹਾਂ ਨੇ ਅਭਿਆਸ ਜਾਂ ਫਿਰ ਆਪਣੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਸੀ। ਮੈਂ ਇਸ ਮਾਮਲੇ ਵਿਚ ਮੁੱਕੇਬਾਜ਼ੀ ਟੀਮ ਨਾਲ ਗੱਲ ਕਰਾਂਗਾ। ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਵਲੀਨਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਕੋਚ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਨਿੱਜੀ ਕੋਚ ਸੰਧਿਆ ਗੁਰੁੰਗ ਨੂੰ ਖੇਡ ਪਿੰਡ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਪਰ ਸੰਧਿਆ ਨੂੰ ਬਾਅਦ ਵਿਚ ਖੇਡ ਪਿੰਡ ਦਾ ਮਾਨਤਾ ਪੱਤਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏੇ। ਕੁਮੈਂਟ ਕਰਕੇ ਦਿਓ ਜਵਾਬ।