ਮੁੰਬਈ ਇੰਡੀਅਨਜ਼ ਵੱਲੋਂ 8 ਕਰੋੜ ''ਚ ਖ਼ਰੀਦੇ ਗਏ ਜੋਫਰਾ ਆਰਚਰ ਦਾ ਪਹਿਲਾ ਬਿਆਨ ਆਇਆ ਸਾਹਮਣੇ
Monday, Feb 14, 2022 - 02:55 PM (IST)
ਮੁੰਬਈ (ਭਾਸ਼ਾ)- ਸੱਟ ਕਾਰਨ ਇਸ ਸਾਲ ਆਈ.ਪੀ.ਐੱਲ. ਵਿਚ ਨਾ ਖੇਡਣ ਦੇ ਬਾਵਜੂਦ ਮੁੰਬਈ ਇੰਡੀਅਨਜ਼ ਵੱਲੋਂ 8 ਕਰੋੜ ਰੁਪਏ ਵਿਚ ਖਰੀਦੇ ਗਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦਾ ਕਹਿਣਾ ਹੈ ਕਿ ਇਹ ਉਸ ਦੇ ਕਰੀਅਰ ਦਾ ਨਵਾਂ ਅਧਿਆਏ ਹੈ। ਆਰਚਰ ਨੂੰ ਆਈ.ਪੀ.ਐਲ. 2022 ਮੈਗਾ ਨਿਲਾਮੀ ਦੇ ਦੂਜੇ ਦਿਨ 5 ਵਾਰ ਦੇ ਆਈ.ਪੀ.ਐੱਲ. ਚੈਂਪੀਅਨ ਨੇ ਖ਼ਰੀਦਿਆ। ਕੂਹਣੀ ਦੀ ਸੱਟ ਤੋਂ ਉਭਰ ਰਹੇ ਆਰਚਰ ਇਸ ਸਾਲ ਨਹੀਂ ਖੇਡ ਸਕਣਗੇ ਪਰ 2023 ਅਤੇ 2024 ਦੇ ਆਈ.ਪੀ.ਐੱਲ. ਨੂੰ ਧਿਆਨ ਵਿਚ ਰੱਖਦਿਆਂ ਨਿਲਾਮੀ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ: IPL Auction 2022 : ਦੂਜੇ ਦਿਨ ਦੀ ਨਿਲਾਮੀ ਖ਼ਤਮ, ਜਾਣੋ ਕਿਹੜੀ ਟੀਮ ’ਚ ਗਿਆ ਕਿਹੜਾ ਖਿਡਾਰੀ
ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟ ਕੀਤੇ ਇਕ ਵੀਡੀਓ 'ਚ ਆਰਚਰ ਨੇ ਕਿਹਾ, 'ਮੁੰਬਈ ਇੰਡੀਅਨਜ਼ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਇਹ ਟੀਮ ਮੇਰੇ ਦਿਲ ਦੇ ਕਰੀਬ ਹੈ ਅਤੇ ਮੈਂ ਹਮੇਸ਼ਾ ਉਨ੍ਹਾਂ ਲਈ ਖੇਡਣਾ ਚਾਹੁੰਦਾ ਸੀ। ਜਦੋਂ ਤੋਂ IPL ਦੇਖ ਰਿਹਾ ਹਾਂ ਉਦੋਂ ਤੋਂ।' ਉਸ ਨੇ ਕਿਹਾ, 'ਮੈਨੂੰ ਖੁਸ਼ੀ ਹੈ ਕਿ ਆਖ਼ਰਕਾਰ ਮੈਨੂੰ ਇੰਨੀ ਸ਼ਾਨਦਾਰ ਟੀਮ ਲਈ ਖੇਡਣ ਦਾ ਮੌਕਾ ਮਿਲਿਆ। ਦੁਨੀਆ ਦੇ ਕੁਝ ਸਭ ਤੋਂ ਵੱਡੇ ਸਿਤਾਰਿਆਂ ਨਾਲ ਖੇਡਣ ਦਾ ਮੌਕਾ ਮਿਲੇਗਾ। ਮੈਂ ਆਪਣੇ ਕਰੀਅਰ ਦੇ ਇਸ ਨਵੇਂ ਅਧਿਆਏ ਦੀ ਸ਼ੁਰੂਆਤ ਦੀ ਉਡੀਕ ਕਰ ਰਿਹਾ ਹਾਂ।'
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ
ਇਸ ਤੋਂ ਪਹਿਲਾਂ ਆਰਚਰ ਨੂੰ ਖਰੀਦਣ ਦੇ ਫੈਸਲੇ ਬਾਰੇ ਮੁੰਬਈ ਇੰਡੀਅਨਜ਼ ਦੇ ਮਾਲਕ ਆਕਾਸ਼ ਅੰਬਾਨੀ ਨੇ ਕਿਹਾ ਸੀ, "ਉਹ ਇਸ ਸਾਲ ਨਹੀਂ ਖੇਡ ਸਕੇਗਾ ਪਰ ਜੇਕਰ ਉਹ ਫਿੱਟ ਅਤੇ ਉਪਲਬਧ ਹੈ ਤਾਂ ਉਹ ਜਸਪ੍ਰੀਤ ਬੁਮਰਾਹ ਨਾਲ ਵਧੀਆ ਜੋੜੀ ਬਣਾਵੇਗਾ।' ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਡਾਇਰੈਕਟਰ ਅਤੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਕਿਹਾ ਕਿ ਬੁਮਰਾਹ ਅਤੇ ਆਰਚਰ ਨੂੰ ਇਕੱਠੇ ਗੇਂਦਬਾਜ਼ੀ ਕਰਦੇ ਦੇਖਣਾ ਰੋਮਾਂਚਕ ਹੋਵੇਗਾ। ਉਨ੍ਹਾਂ ਕਿਹਾ, 'ਤੁਹਾਡੇ ਵਾਂਗ ਮੈਂ ਵੀ ਇਸ ਦੀ ਉਡੀਕ ਕਰ ਰਿਹਾ ਹਾਂ। ਦੋ ਸ਼ਾਨਦਾਰ ਤੇਜ਼ ਗੇਂਦਬਾਜ਼ ਇਕੱਠੇ ਗੇਂਦਬਾਜ਼ੀ ਕਰਦੇ ਨਜ਼ਰ ਆਉਣਗੇ। ਇਹ ਉਡੀਕ ਵੀ ਸਾਰਥਕ ਹੈ।'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।