ਓਲੰਪਿਕ ਤੋਂ ਪ੍ਰੇਸ਼ਾਨ ਸਥਾਨਕ ਲੋਕ, ਆਵਾਜਾਈ ਹੋਈ ਮਹਿੰਗੀ

Wednesday, Jul 24, 2024 - 12:39 PM (IST)

ਪੈਰਿਸ : ਪੈਰਿਸ ਵਿਚ 100 ਸਾਲ ਬਾਅਦ ਓਲੰਪਿਕ ਹੋ ਰਹੀਆਂ ਹਨ ਤੇ ਵਾਲੰਟੀਅਰਾਂ ਲਈ ਇਹ ਜ਼ਿੰਦਗੀ ਵਿਚ ਇਕ ਵਾਰ ਮਿਲਣ ਵਾਲਾ ਤਜਰਬਾ ਹੈ। ਪੈਰਿਸ ਹਵਾਈ ਅੱਡੇ ’ਤੇ ਇਕ ਉਤਸ਼ਾਹੀ ਵਾਲੰਟੀਅਰ ਨੇ ਕਿਹਾ ਕਿ ਮੈਂ 60 ਸਾਲ ਦਾ ਹੋ ਚੁੱਕਾ ਹਾਂ ਤੇ ਮੇਰੀ ਜ਼ਿੰਦਗੀ ਵਿਚ ਤੇ ਮੇਰੇ ਲਈ ਪੈਰਿਸ ਵਿਚ ਫਿਰ ਓਲੰਪਿਕ ਨਹੀਂ ਹੋਣ ਵਾਲੀਆਂ। ਇਸ ਦਾ ਹਿੱਸਾ ਬਣਨਾ ਮੇਰੇ ਲਈ ਜ਼ਿੰਦਗੀ ਭਰ ਨਾ ਭੁੱਲਣ ਵਾਲਾ ਤਜਰਬਾ ਹੋਵੇਗਾ। ਉਸ ਨੇ ਕਿਹਾ ਕਿ 20 ਮਿੰਟ ਪਹਿਲਾਂ ਅਲਕਾਰਾਜ ਇੱਥੇ ਪਹੁੰਚਿਆ ਤੇ ਮੈਂ ਉਸ ਨੂੰ ਐਕ੍ਰੀਡਿਟੇਸ਼ਨ (ਪਛਾਣ ਪੱਤਰ) ਦਿਵਾਉਣ ਵਿਚ ਮਦਦ ਕੀਤੀ। ਇਹ ਤਜਰਬਾ ਯਾਦਗਾਰ ਹੋ ਗਿਆ ਹੈ। ਹਾਲਾਂਕਿ ਓਲੰਪਿਕ ਤੋਂ ਸਥਾਨਕ ਲੋਕ ਵੀ ਪ੍ਰੇਸ਼ਾਨ ਹਨ ਤੇ ਉਹ ਆਪਣੀ ਪ੍ਰੇਸ਼ਾਨੀ ਉਜਾਗਰ ਵੀ ਕਰ ਰਹੇ ਹਨ।
ਸਥਾਨਕ ਆਵਾਜਾਈ ਹੋਈ ਦੁੱਗਣੀ ਮਹਿੰਗੀ : ਪੈਰਿਸ ਵਿਚ ਰਹਿਣ ਵਾਲੇ ਸਾਰੇ ਲੋਕ ਓਲੰਪਿਕ ਦੇ ਆਯੋਜਨ ਤੋਂ ਖੁਸ਼ ਨਹੀਂ ਹਨ ਕਿਉਂਕਿ ਇਸਦਾ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਅਸਰ ਪੈ ਰਿਹਾ ਹੈ। ਸਥਾਨਕ ਆਵਾਜਾਈ 2.15 ਯੂਰੋ ਤੋਂ ਵੱਧ ਕੇ 4 ਯੂਰੋ ਤਕ ਮਹਿੰਗੀ ਹੋ ਗਈ ਹੈ ਤੇ 8 ਸਤੰਬਰ ਨੂੰ ਪੈਰਾਲੰਪਿਕ ਦੇ ਖਤਮ ਹੋਣ ਤਕ ਇਹ ਹੀ ਕਿਰਾਇਆ ਰਹੇਗਾ। ਓਲੰਪਿਕ ਆਯੋਜਨ ਸਥਾਨਾਂ ਦੇ ਆਲੇ-ਦੁਆਲੇ ਆਵਾਜਾਈ ’ਤੇ ਵੀ ਪਾਬੰਦੀਆਂ ਹਨ। ਸ਼ਹਿਰ ਦੇ ਸਭ ਤੋਂ ਰੁਝੇਵੇਂ ਭਰੇ ਟ੍ਰੇਨ ਸਟੇਸ਼ਨ ’ਤੇ ਖੜ੍ਹੀ ਵਿਕਟੋਰੀ ਡੇਲਾਰੂ ਨੇ ਕਿਹਾ ਕਿ ਪੈਰਿਸ ਵਾਸੀਆਂ ਲਈ ਓਲੰਪਿਕ ਦੀ ਮੇਜ਼ਬਾਨੀ ਮਾਣ ਦਾ ਵਿਸ਼ਾ ਹੈ ਪਰ ਇਸ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਅਸਰ ਨਹੀਂ ਪੈਣਾ ਚਾਹੀਦਾ। ਸਥਾਨਕ ਆਵਾਜਾਈ ਦੀਆਂ ਦਰਾਂ ਦੁੱਗਣੀਆਂ ਹੋ ਗਈਆਂ ਹਨ ਜਿਹੜੀ ਚੰਗੀ ਗੱਲ ਨਹੀਂ ਹੈ।
ਅੱਧੇ ਹੋਟਲ ਹਨ ਖਾਲੀ : ਓਲੰਪਿਕ ਖੇਡਾਂ ਦੌਰਾਨ ਹੋਟਲਾਂ ਦੀ ਭਾਰੀ ਮੰਗ ਦਿਖਾਈ ਗਈ, ਜਿਸ ਨਾਲ ਪੈਰਿਸ ਦੇ ਕਈ ਲੋਕਾਂ ਨੇ ਕਮਾਈ ਲਈ ਆਪਣੇ ਘਰਾਂ ਨੂੰ ਕਿਰਾਏ ’ਤੇ ਦੇ ਦਿੱਤਾ ਪਰ ਹੋਟਲਾਂ ਦੀ ਓਨੀ ਮੰਗ ਨਹੀਂ ਹੈ। ਪੈਰਿਸ ਵਿਚ ਇਹ ਸੈਲਾਨੀਆਂ ਦਾ ਮੌਸਮ ਹੈ ਪਰ ਮੰਗ ਫਿਰ ਵੀ ਘੱਟ ਹੈ।  ਇਕ ਹੋਟਲ ਦੇ ਮੈਨੇਜਰ ਸਮੀਰ ਨੇ ਕਿਹਾ ਕਿ ਇਸ ਸਮੇਂ ਸਾਡੇ ਹੋਟਲ ਵਿਚ ਇਕ ਰਾਤ ਦਾ ਕਿਰਾਇਆ 120 ਯੂਰੋ ਰਹਿੰਦਾ ਹੈ ਪਰ ਅਸੀਂ ਅੱਧੇ ਭਾਅ ’ਤੇ ਦੇ ਰਹੇ ਹਾਂ। ਉਸ ਨੇ ਕਿਹਾ ਕਿ ਓਲੰਪਿਕ ਦੀ ਮੇਜ਼ਬਾਨੀ ਸਾਡੇ ਲਈ ਚੰਗੀ ਨਹੀਂ ਰਹੀ। ਕਾਫੀ ਪਾਬੰਦੀਆਂ ਹਨ ਤੇ ਕਈ ਜਗ੍ਹਾ ’ਤੇ ਜਾਣ ਲਈ ਕਿਊ. ਆਰ. ਕੋਡ ਚਾਹੀਦਾ ਹੈ।


Aarti dhillon

Content Editor

Related News