ਲੀਚ ਤੇ ਜੈਸਨ ਦੇ ਅਰਧ ਸੈਂਕੜੇ, ਇੰਗਲੈਂਡ ਦਾ ਸਨਮਾਨਜਨਕ ਸਕੋਰ

07/26/2019 1:22:24 AM

ਲੰਡਨ- ਜੈਕ ਲੀਚ (92) ਤੇ ਜੈਸਨ ਰਾਏ (72) ਦੇ ਬਿਹਤਰੀਨ ਅਰਧ ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਵੀਰਵਾਰ ਨੂੰ ਆਇਰਲੈਂਡ ਵਿਰੁੱਧ ਇਕਲੌਤੇ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਣ ਸਮੇਂ ਤੋਂ ਪਹਿਲਾਂ ਖਤਮ ਹੋਣ ਤਕ ਦੂਜੀ ਪਾਰੀ ਵਿਚ 9 ਵਿਕਟਾਂ ਗੁਆ ਕੇ 303 ਦੌੜਾਂ ਬਣਾ ਲਈਆਂ ਤੇ 181 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਦੂਜੇ ਦਿਨ ਦੀ ਖੇਡ ਮੀਂਹ ਕਾਰਣ ਖਤਮ ਹੋਣ ਤੋਂ ਪਹਿਲਾਂ ਸਟੂਅਰਟ ਬ੍ਰਾਡ ਅਜੇਤੂ 21 ਤੇ ਓਲੀ ਸਟੋਨ ਬਿਨਾਂ ਕੋਈ ਦੌੜ ਬਣਾਏ ਕ੍ਰੀਜ਼ 'ਤੇ ਮੌਜੂਦ ਸਨ। ਦੋਵੇਂ ਬੱਲੇਬਾਜ਼ ਹੁਣ ਸ਼ੁੱਕਰਵਾਰ ਨੂੰ ਤੀਜੇ ਦਿਨ ਇੰਗਲੈਂਡ ਦੀ ਪਾਰੀ ਨੂੰ ਅੱਗੇ ਵਧਾਉਣਗੇ ਤੇ ਉਨ੍ਹਾਂ ਦੀਆਂ ਨਜ਼ਰਾਂ ਟੀਮ ਦੀ ਵੱਡੀ ਬੜ੍ਹਤ ਬਣਾਉਣ 'ਤੇ  ਹੋਣਗੀਆਂ, ਜਦਕਿ ਆਇਰਲੈਂਡ ਮੇਜ਼ਬਾਨ ਟੀਮ ਦੀ ਆਖਰੀ  ਵਿਕਟ ਸਸਤੇ ਵਿਚ ਨਿਪਟਾਉਣਾ ਚਾਹੇਗੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲੀ ਪਾਰੀ ਦੇ ਖੌਫਨਾਕ ਪ੍ਰਦਰਸ਼ਨ ਤੋਂ ਉਭਰਦੇ ਹੋਏ ਦੂਜੀ ਪਾਰੀ ਵਿਚ ਦੂਜੇ ਦਿਨ ਸਲਾਮੀ ਬੱਲੇਬਾਜ਼ ਲੀਚ ਤੇ ਕੌਮਾਂਤਰੀ ਟੈਸਟ ਕ੍ਰਿਕਟ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਜੈਸਨ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ ।

PunjabKesari
ਲੀਚ ਤੇ ਜੈਸਨ ਵਿਚਾਲੇ ਦੂਜੀ ਵਿਕਟ ਲਈ 145 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਹੋਈ। ਲੀਚ ਨੇ 162 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ ਤੇ ਆਪਣਾ ਪਹਿਲਾ ਕੌਮਾਂਤਰੀ ਟੈਸਟ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਜੈਸਨ ਨੇ 72 ਦੌੜਾਂ ਦੀ ਆਪਣੀ ਪਾਰੀ ਵਿਚ 10 ਚੌਕੇ ਤੇ ਇਕ ਛੱਕਾ ਲਾਇਆ। ਟੀਮ ਦੇ 171 ਦੌੜਾਂ ਦੇ ਸਕੋਰ 'ਤੇ ਸਟੂਅਰਟ ਥਾਂਪਸਨ ਨੇ ਜੈਸਨ ਨੂੰ ਬੋਲਡ ਕਰ ਕੇ ਇਸ ਸਾਂਝੇਦਾਰੀ ਦਾ ਅੰਤ ਕਰ ਦਿੱਤਾ। 
ਜੈਸਨ ਨੇ ਆਊਟ ਹੋਣ ਤੋਂ ਬਾਅਦ ਲੀਚ ਵੀ ਬਹੁਤ ਦੇਰ ਤਕ ਨਹੀਂ ਟਿਕ ਸਕਿਆ ਤੇ ਟਿਮ ਮੁਰਤਗ ਦੀ ਗੇਂਦ 'ਤੇ ਮਾਰਕ ਅਡਾਏਰ ਨੂੰ ਕੈਚ ਦੇ ਬੈਠਾ। ਇਨ੍ਹਾਂ ਦੋ ਬੱਲੇਬਾਜ਼ਾਂ ਦੇ ਪੈਵੇਲੀਅਨ ਪਰਤਦੇ ਹੀ ਮੇਜ਼ਬਾਨ ਟੀਮ ਇਕ ਵਾਰ ਫਿਰ ਲੜਖੜਾ ਗਈ ਤੇ ਉਸਦੀਆਂ 9 ਵਿਕਟਾਂ 293 ਦੇ ਸਕੋਰ 'ਤੇ ਡਿੱਗ ਗਈਆਂ। ਇੰਗਲੈਂਡ ਦੀ ਦੂਜੀ ਪਾਰੀ ਵਿਚ ਸੈਮ ਕਿਊਰਾਨ 37, ਕਪਤਾਨ ਜੋ ਰੂਟ 31, ਕ੍ਰਿਸ ਵੋਕਸ 13, ਜੋ ਡੈਨਲੀ 10, ਮੋਇਨ ਅਲੀ 9, ਰੋਰੀ ਬਰਨਸ ਨੇ 6 ਦੌੜਾਂ ਬਣਾਈਆਂ। ਅਇਰਲੈਂਡ ਵਲੋਂ ਮਾਰਕ ਅਡਾਏਰ ਨੇ 66 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਬੋਏਡ ਰੈਂਕਿਨ ਤੇ ਥਾਂਪਸਨ ਨੇ 2-2 ਵਿਕਟਾਂ ਲਈਆਂ ਤੇ ਮੁਰਤਗ ਨੂੰ ਇਕ ਵਿਕਟ ਮਿਲੀ।
ਇੰਗਲੈਂਡ ਦੀ ਟੀਮ ਕੱਲ ਪਹਿਲੀ ਪਾਰੀ ਵਿਚ 23.4 ਓਵਰਾਂ ਵਿਚ ਸਿਰਫ 85 ਦੌੜਾਂ 'ਤੇ ਢੇਰ ਹੋ ਗਈ ਸੀ। ਹਾਲ ਹੀ ਵਿਚ ਵਨ ਡੇ ਕ੍ਰਿਕਟ ਵਿਚ ਵਿਸ਼ਵ ਚੈਂਪੀਅਨ ਬਣੀ ਇੰਗਲੈਂਡ ਦੀ ਉਸਦੇ ਕ੍ਰਿਕਟ ਇਤਿਹਾਸ ਵਿਚ ਇਹ ਪੰਜਵੀਂ ਸਭ ਤੋਂ ਘੱਟ ਸਕੋਰ ਵਾਲੀ ਪਾਰੀ ਸੀ। ਆਇਰਲੈਂਡ ਨੇ ਉਸ ਤੋਂ ਬਾਅਦ ਆਪਣੀ ਪਹਿਲੀ ਪਾਰੀ ਵਿਚ 58.2 ਓਵਰਾਂ ਵਿਚ 207 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 122 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਮੇਜ਼ਬਾਨ ਇੰਗਲੈਂਡ ਨੇ ਦੂਜੇ ਦਿਨ ਲੰਚ ਤਕ 122 ਦੌੜਾਂ ਬਣਾ ਕੇ ਆਇਰਲੈਂਡ ਦੀ ਬੜ੍ਹਤ ਖਤਮ ਕਰ ਦਿੱਤੀ ਸੀ।


Gurdeep Singh

Content Editor

Related News