ਵੱਡੇ ਟੂਰਨਾਮੈਂਟ 'ਚ ਔਸਤ ਪ੍ਰਦਰਸ਼ਨ ਕਰ ਕੇ ਪਿਛੜੀ ਭਾਰਤੀ ਹਾਕੀ

Friday, Dec 28, 2018 - 04:47 PM (IST)

ਵੱਡੇ ਟੂਰਨਾਮੈਂਟ 'ਚ ਔਸਤ ਪ੍ਰਦਰਸ਼ਨ ਕਰ ਕੇ ਪਿਛੜੀ ਭਾਰਤੀ ਹਾਕੀ

ਨਵੀਂ ਦਿੱਲੀ- ਭਾਰਤ ਨੂੰ ਨਵੰਬਰ-ਦਸੰਬਰ 'ਚ ਓਡਿਸ਼ਾ ਦੇ ਭੁਵਨੇਸ਼ਵਰ ਵਿਚ ਆਪਣੀ ਮੇਜ਼ਬਾਨੀ 'ਚ ਹੋਏ ਵਿਸ਼ਵ ਕੱਪ 'ਚ 43 ਸਾਲ ਦੇ ਲੰਬੇ ਸਮੇਂ ਬਾਅਦ ਖਿਤਾਬ ਜਿੱਤਣ ਦੀ ਉਮੀਦ ਸੀ ਪਰ ਉਸ ਦਾ ਸੁਪਨਾ ਕੁਆਰਟਰ ਫਾਈਨਲ ਵਿਚ ਹਾਲੈਂਡ ਹੱਥੋਂ ਹਾਰ ਦੇ ਨਾਲ ਟੁੱਟ ਗਿਆ। ਭਾਰਤੀ ਟੀਮ ਨੇ ਕੁਆਰਟਰ ਫਾਈਨਲ 'ਚ ਵੱਡੇ ਸਮਰਥਨ ਦੇ ਬਾਵਜੂਦ ਉਮੀਦਾਂ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਤੇ ਉਸ ਨੂੰ ਬਾਹਰ ਹੋਣਾ ਪਿਆ।
ਵਿਸ਼ਵ ਕੱਪ ਦੀ ਹਾਰ ਤੋਂ ਬਾਅਦ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਇਸ ਦਾ ਠੀਕਰਾ ਅੰਪਾਇਰਾਂ ਦੇ ਸਿਰ ਭੰਨਿਆ ਪਰ ਕੌਮਾਂਤਰੀ ਹਾਕੀ ਮਹਾਸੰਘ ਨੇ (ਐੱਫ. ਆਈ. ਐੱਚ.) ਹਰਿੰਦਰ ਦੇ ਇਸ ਵਤੀਰੇ 'ਤੇ ਹੀ ਸਖਤ ਇਤਰਾਜ਼ ਪ੍ਰਗਟਾਉਂਦਿਆਂ ਉਸ ਨੂੰ ਚਿਤਾਵਨੀ ਦੇ ਦਿੱਤੀ। ਐੱਫ. ਆਈ. ਐੱਚ. ਨੇ ਸਾਫ ਕਰ ਦਿੱਤਾ ਕਿ ਉਹ ਅੰਪਾਇਰ ਦੇ ਫੈਸਲਿਆਂ ਦੀ ਸਮੀਖਿਆ ਨਹੀਂ ਕਰੇਗਾ। ਭਾਰਤ ਨੇ ਇਕਲੌਤਾ ਤੇ ਆਖਰੀ ਵਾਰ ਵਿਸ਼ਵ ਕੱਪ 1975 ਵਿਚ ਜਿੱਤਿਆ ਸੀ ਤੇ ਆਪਣੀ ਮੇਜ਼ਬਾਨੀ ਵਿਚ ਉਮੀਦ ਸੀ ਕਿ ਟੀਮ ਘੱਟ ਤੋਂ ਘੱਟ ਸੈਮੀਫਾਈਨਲ ਵਿਚ ਪਹੁੰਚੇਗੀ। ਭਾਰਤ ਕੁਆਰਟਰ ਫਾਈਨਲ ਵਿਚ ਤਾਂ ਪਹੁੰਚ ਗਿਆ ਸੀ ਪਰ ਉਥੇ ਉਸ ਨੂੰ ਹਾਲੈਂਡ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਏਸ਼ੀਆਈ ਖੇਡਾਂ : ਅਗਸਤ ਵਿਚ ਜਕਾਰਤਾ ਏਸ਼ੀਆਈ ਖੇਡਾਂ 'ਚ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿਚ ਮਲੇਸ਼ੀਆ ਤੋਂ ਸਡਨ ਡੈੱਥ ਵਿਚ ਹਾਰ ਕੇ ਆਪਣਾ ਖਿਤਾਬ ਗੁਆ ਬੈਠੀ ਤੇ ਉਸ ਦੇ ਹੱਥੋਂ 2020 ਦੀਆਂ ਟੋਕੀਓ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਨਿਕਲ ਗਿਆ। ਭਾਰਤ ਨੇ ਹਾਲਾਂਕਿ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਪਰ ਇਹ ਟੀਮ ਨੂੰ ਹੌਸਲਾ ਦੇਣ ਲਈ ਕਾਫੀ ਨਹੀਂ ਸੀ। ਭਾਰਤ ਨੇ ਟੂਰਨਾਮੈਂਟ 'ਚ ਰਿਕਾਰਡ 76 ਗੋਲ ਕੀਤੇ ਸਨ।
ਏਸ਼ੀਅਨ ਕੱਪ : ਭਾਰਤ ਨੇ ਪਾਕਿਸਤਾਨ ਨਾਲ ਏਸ਼ੀਅਨ ਕੱਪ ਟਰਾਫੀ ਨੂੰ ਸਾਂਝਾ ਕੀਤਾ। ਮਸਕਟ ਵਿਚ ਮੀਂਹ ਕਾਰਨ ਫਾਈਨਲ ਨਹੀਂ ਖੇਡਿਆ ਜਾ ਸਕਿਆ ਤੇ ਦੋਵੇਂ ਟੀਮਾਂ ਸਾਂਝੇ ਤੌਰ 'ਤੇ ਜੇਤੂ ਬਣੀਆਂ।
ਸਰਦਾਰ ਨੇ ਲਿਆ ਸੰਨਿਆਸ : ਏਸ਼ੀਆਈ ਕੱਪ ਵਿਚ ਖਿਤਾਬ ਗੁਆਉਣ ਦਾ ਸਭ ਤੋਂ ਵੱਡਾ ਨੁਕਸਾਨ ਸਾਬਕਾ ਕਪਤਾਨ ਤੇ ਸਟਾਰ ਮਿਡਫੀਲਡਰ ਸਰਦਾਰ ਸਿੰਘ ਨੂੰ ਝੱਲਣਾ ਪਿਆ, ਜਿਸ ਨੇ ਏਸ਼ੀਆਈ ਖੇਡਾਂ ਤੋਂ ਬਾਅਦ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ।
ਰਾਸ਼ਟਰਮੰਡਲ ਖੇਡਾਂ : ਅਪ੍ਰੈਲ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਪੁਰਸ਼ ਟੀਮ ਨੂੰ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਤੋਂ 2-3 ਨਾਲ ਹਾਰ ਜਾਣ ਤੋਂ ਬਾਅਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਪੁਰਸ਼ ਟੀਮ ਨੇ ਕਾਂਸੀ ਤਮਗਾ ਮੁਕਾਬਲੇ ਵਿਚ ਇੰਗਲੈਂਡ ਨੂੰ 2-1 ਨਾਲ ਹਰਾਇਆ।  ਭਾਰਤੀ ਮਹਿਲਾ ਟੀਮ ਕਾਂਸੀ ਤਮਗਾ ਮੁਕਾਬਲੇ ਵਿਚ ਇੰਗਲੈਂਡ ਹੱਥੋਂ 0-6 ਨਾਲ ਹਾਰੀ ਸੀ।


Related News