ਦਿੱਲੀ ਨੂੰ ਮਿਲੀ ਬੜ੍ਹਤ, ਪੰਜਾਬ ਦੂਜੀ ਪਾਰੀ ''ਚ ਲੜਖੜਾਇਆ

Sunday, Jan 05, 2020 - 11:18 PM (IST)

ਦਿੱਲੀ ਨੂੰ ਮਿਲੀ ਬੜ੍ਹਤ, ਪੰਜਾਬ ਦੂਜੀ ਪਾਰੀ ''ਚ ਲੜਖੜਾਇਆ

ਮੋਹਾਲੀ— ਨਿਤਿਸ਼ ਰਾਣਾ ਦੀ 92 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਦਿੱਲੀ ਨੇ ਇਥੇ ਗਰੁੱਪ-ਏ ਤੇ ਬੀ-ਮੁਕਾਬਲੇ ਦੇ ਤੀਜੇ ਦਿਨ ਐਤਵਾਰ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕੀਤੀ ਤੇ ਦੂਜੀ ਪਾਰੀ ਵਿਚ ਪੰਜਾਬ ਦੀਆਂ 4 ਵਿਕਟਾਂ ਲੈ ਕੇ ਮੈਚ 'ਤੇ ਆਪਣਾ ਸ਼ਿਕੰਜਾ ਕੱਸ ਲਿਆ। ਦਿੱਲੀ ਨੇ 4 ਵਿਕਟਾਂ 'ਤੇ 195 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ 'ਚ 339 ਦੌੜਾਂ ਬਣਾਈਆਂ। ਪੰਜਾਬ ਨੇ ਪਹਿਲੀ ਪਾਰੀ 'ਚ 313 ਦੌੜਾਂ ਬਣਾਈਆਂ ਸਨ। ਦਿੱਲੀ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਵਿਚ 26 ਦੌੜਾਂ ਦੀ ਬੜ੍ਹਤ ਹਾਸਲ ਹੋਈ। ਪੰਜਾਬ ਨੇ ਦੂਜੀ ਪਾਰੀ ਵਿਚ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀਆਂ 4 ਵਿਕਟਾਂ ਸਿਰਫ 44 ਦੌੜਾਂ 'ਤੇ ਗੁਆ ਦਿੱਤੀਆਂ ਹਨ। ਪੰਜਾਬ ਅਜੇ 18 ਦੌੜਾਂ ਨਾਲ ਅੱਗੇ ਹੈ ਤੇ ਉਸਦੀਆਂ ਸਿਰਫ 6 ਵਿਕਟਾਂ ਬਾਕੀ ਹਨ।
ਨਿਤਿਸ਼ ਰਾਣਾ ਨੇ 64 ਦੌੜਾਂ ਤੋਂ ਅੱਗੇ ਖੇਡਦੇ ਹੋਏ 189 ਗੇਂਦਾਂ ਵਿਚ 12 ਚੌਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ ਤੇ ਉਹ ਆਪਣੇ ਕਪਤਾਨ ਧਰੁਵ ਸ਼ੋਰੀ ਵਾਂਗ ਸੈਂਕੜੇ ਤੋਂ ਖੁੰਝ ਗਿਆ। ਸ਼ੋਰੀ ਕੱਲ 92 ਦੌੜਾਂ ਬਣਾ ਕੇ ਆਊਟ ਹੋਇਆ ਸੀ। ਜੌਂਟੀ ਸਿੱਧੂ ਨੇ 41 ਤੇ ਲਲਿਤ ਯਾਦਵ ਨੇ 39 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਤੇ ਮਯੰਕ ਮਾਰਕੰਡੇ ਨੇ 3-3 ਵਿਕਟਾਂ ਲਈਆਂ। ਪੰਜਾਬ ਦੀ ਦੂਜੀ ਪਾਰੀ ਵਿਚ ਸਿਮਰਜੀਤ ਸਿੰਘ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਸੁਬੋਧ ਭਾਟੀ ਤੇ ਕੁੰਵਰ ਬਿਧੂੜੀ ਨੂੰ 1-1 ਵਿਕਟ ਮਿਲੀ। ਸਟੰਪਸ ਤੱਕ ਕਪਤਾਨ ਮਨਦੀਪ ਸਿੰਘ 8 ਤੇ ਸ਼ਰਦ ਲੂੰਬਾ 6 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।


author

Gurdeep Singh

Content Editor

Related News