ਲੰਕਾ ਪ੍ਰੀਮੀਅਰ ਲੀਗ ਅਣਮਿੱਥੇ ਸਮੇਂ ਲਈ ਮੁਲਤਵੀ
Monday, Jul 18, 2022 - 05:11 PM (IST)

ਕੋਲੰਬੋ- ਸ਼੍ਰੀਲੰਕਾ ਦੀ ਘਰੇਲੂ ਕ੍ਰਿਕਟ ਪ੍ਰਤੀਯੋਗਿਤਾ ਲੰਕਾ ਪ੍ਰੀਮੀਅਰ ਲੀਗ ਦਾ 2022 ਸੀਜ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ।
ਐੱਸ. ਐੱਲ. ਸੀ. ਨੇ ਆਪਣੀ ਵੈੱਬਸਾਈਟ 'ਤੇ ਜਾਰੀ ਇਕ ਬਿਆਨ 'ਚ ਕਿਹਾ, 'ਸ਼੍ਰੀਲੰਕਾ ਕ੍ਰਿਕਟ ਇਹ ਐਲਾਨ ਕਰਨਾ ਚਾਹੁੰਦਾ ਹੈ ਕਿ ਇਕ ਅਗਸਤ ਤੋਂ 21 ਅਗਸਤ 2022 ਦਰਮਿਆਨ ਹੋਣ ਵਾਲੀ ਲੰਕਾ ਪ੍ਰੀਮੀਅਰ ਲੀਗ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕੀਤਾ ਗਿਆ ਹੈ।'
ਐੱਸ. ਐੱਲ. ਸੀ. ਨੇ ਕਿਹਾ ਕਿ ਟੂਰਨਾਮੈਂਟ ਦੇ ਅਧਿਕਾਰ ਧਾਰਕ ਇਨੋਵੇਟਿਵ ਪ੍ਰੋਡਕਸ਼ਨ ਗਰੁੱਪ ਐੱਫ. ਜੀ. ਆਈ. ਨੇ ਦੇਸ਼ ਦੀ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਹ ਪ੍ਰਤੀਯੋਗਿਤਾ ਦੇ ਆਯੋਜਨ ਲਈ ਸਹੀ ਸਮਾਂ ਨਹੀਂ ਹੈ, ਜਿਸ ਤੋਂ ਬਾਅਦ ਕ੍ਰਿਕਟ ਬੋਰਡ ਨੇ ਇਹ ਫ਼ੈਸਲਾ ਲਿਆ।