ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਖ਼ਿਲਾਫ਼ FIR ਦਰਜ ਕਰਨ ਦਾ ਹੁਕਮ, ਜਾਣੋ ਪੂਰਾ ਮਾਮਲਾ
Friday, Mar 19, 2021 - 03:15 PM (IST)
![ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਖ਼ਿਲਾਫ਼ FIR ਦਰਜ ਕਰਨ ਦਾ ਹੁਕਮ, ਜਾਣੋ ਪੂਰਾ ਮਾਮਲਾ](https://static.jagbani.com/multimedia/2021_3image_15_15_293549283babar.jpg)
ਕਰਾਚੀ (ਭਾਸ਼ਾ) : ਲਾਹੌਰ ਦੀ ਇਕ ਅਦਾਲਤ ਨੇ ਉਤਪੀੜਨ ਨਾਲ ਜੁੜੇ ਇਕ ਮਾਮਲੇ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ। ਜੱਜ ਹਾਮਿਦ ਹੁਸੈਨ ਨੇ ਇਕ ਮਹਿਲਾ ਹਮਿਜਾ ਮੁਖਤਾਰ ਦੀ ਪਟੀਸ਼ਨ ’ਤੇ ਵੀਰਵਾਰ ਨੂੰ ਲਾਹੌਰ ਵਿਚ ਇਹ ਹੁਕਮ ਦਿੱਤਾ।
ਇਸ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਕਪਤਾਨ ਖ਼ਿਲਾਫ਼ ਮਾਮਲਾ ਦਾਇਰ ਕਰਨ ਦੇ ਬਾਅਦ ਉਨ੍ਹਾਂ ਨੂੰ ਵਟਸਐਪ ’ਤੇ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ। ਸੁਣਵਾਈ ਦੌਰਾਨ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਹਮਿਜਾ ਨੇ ਸਾਈਬਰ ਅਪਰਾਧ ਨਾਲ ਜੁੜੇ ਵਿਭਾਗ ਵਿਚ ਸ਼ਿਕਾਇਤ ਦਰਜ ਕਰਾਈ ਸੀ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਜਿਨ੍ਹਾਂ ਨੰਬਰਾਂ ਤੋਂ ਧਮਕੀ ਭਰੇ ਸੰਦੇਸ਼ ਭੇਜੇ ਗਏ, ਉਨ੍ਹਾਂ ਵਿਚੋਂ ਇਕ ਨੰਬਰ ਬਾਬਰ ਆਜ਼ਮ ਦਾ ਹੈ।
ਹਮਿਜਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਵੱਖ-ਵੱਖ ਨੰਬਰਾਂ ਤੋਂ ਵਟਸਐਪ ’ਤੇ ਲਗਾਤਾਰ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ ਅਤੇ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਉਸ ਕੋਲ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਹਨ। ਉਹ ਇਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਧਮਕੀ ਦੇ ਰਿਹਾ ਹੈ। ਹਮਿਜਾ ਨੇ ਇਸ ਤੋਂ ਪਹਿਲਾਂ ਬਾਬਰ ਖ਼ਿਲਾਫ਼ ਸਰੀਰਕ ਸ਼ੋਸ਼ਣ ਦੇ ਦੋਸ਼ ਵੀ ਲਗਾਏ ਸਨ।