ਦਿਹਾੜੀਦਾਰ ਦੇ ਬੇਟੇ ਨੇ ਬਾਸਕਟਬਾਲ ''ਚ ਚਮਕਾਇਆ ਨਾਂ

12/02/2019 2:14:49 AM

ਜਲੰਧਰ/ਪਟਿਆਲਾ (ਸਪੋਰਟਸ ਡੈਸਕ)— ਦਿਹਾੜੀਦਾਰ ਪਿਤਾ ਦੀ ਕਮਾਈ ਨਾਲ ਘਰ ਦੇ ਹਾਲਾਤ ਬਹੁਤ ਚੰਗੇ ਨਹੀਂ ਰਹੇ ਤੇ ਕਈ ਵਾਰ ਤਾਂ ਨੌਬਤ ਇਹ ਵੀ ਰਹੀ ਕਿ ਸ਼ਾਇਦ ਇਕ ਸਮੇਂ ਵਿਚ ਖਾਣਾ ਵੀ ਨਹੀਂ ਬਣਿਆ ਪਰ ਇਨ੍ਹਾਂ ਹਾਲਾਤ ਨਾਲ ਲੜ ਕੇ ਵੀ ਅਬੀ ਕੁਮਾਰ ਨੇ ਬਾਸਕਟਬਾਲ ਦੀ ਦੁਨੀਆ ਵਿਚ ਨਾਂ ਕਮਾਇਆ। ਇਸ ਦੇ ਨਾਲ ਹੀ ਉਸ ਨੇ 12 ਸਾਲ ਦੀ ਉਮਰ ਵਿਚ ਨਾ ਸਿਰਫ ਨੈਸ਼ਨਲ ਸਕੂਲ ਗੇਮਜ਼ ਵਿਚ ਹਿੱਸਾ ਲਿਆ, ਸਗੋਂ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ। ਅੱਜ ਰੇਲ ਕੋਚ ਫੈਕਟਰੀ ਵਿਚ ਬਤੌਰ ਟੈਕਨੀਸ਼ੀਅਨ ਵਜੋਂ ਜੌਬ ਕਰ ਰਹੇ ਅਬੀ ਕੁਮਾਰ ਦੀ ਕਹਾਣੀ ਅਜਿਹੀ ਹੀ ਹੈ।
ਦੂਜਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਇਸ ਕਹਾਣੀ ਵਿਚ ਮਲਟੀਪਰਪਜ਼ ਕੋਏਡ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੇ ਅਬੀ ਨੇ ਮਿਹਨਤ ਤੇ ਲਗਨ ਨਾਲ ਉੱਚਾ ਮੁਕਾਮ ਬਣਾਇਆ। ਉਸ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਕੂਲ ਦੇ ਪਿੰ੍ਰਸੀਪਲ ਤੇ ਕੋਚ ਦਾ ਉਸ ਨੂੰ ਸਾਥ ਨਾ ਮਿਲਦਾ ਤਾਂ ਸ਼ਾਇਦ ਉਹ ਇਥੇ ਤਕ ਨਹੀਂ ਪਹੁੰਚ ਸਕਦਾ ਸੀ। ਉਸ ਨੇ ਕਿਹਾ ਕਿ ਇਕ ਸਮੇਂ ਅਜਿਹਾ ਸਮਾਂ ਵੀ ਆ ਸਕਦਾ ਸੀ ਕਿ ਉਸ ਨੂੰ ਭੁੱਖੇ ਢਿੱਡ ਰਹਿਣਾ ਪਿਆ ਪਰ ਹੁਣ ਸਭ ਠੀਕ ਹੈ ਤੇ ਉਹ ਹੁਣ ਆਰ. ਸੀ. ਐੱਫ. ਵਿਚ ਜੌਬ ਵੀ ਕਰ ਰਿਹਾ ਹੈ ਤੇ ਸਵੇਰੇ-ਸ਼ਾਮ ਪ੍ਰੈਕਟਿਸ ਵੀ ਕਰਦਾ ਹੈ ਤਾਂ ਕਿ ਉਹ ਕੌਮਾਂਤਰੀ ਪੱਧਰ 'ਤੇ ਦੇਸ਼ ਲਈ ਖੇਡ ਸਕੇ।
ਅਬੀ ਕੁਮਾਰ ਦੀਆਂ ਹੁਣ ਤਕ ਦੀਆਂ ਉਪਲੱਬਧੀਆਂ-
ਕੁਲ16 ਨੈਸ਼ਨਲ ਗੇਮਜ਼ ਵਿਚ ਖੇਡ ਚੁੱਕਾ ਹੈ ਤੇ 3 ਵਾਰ ਭਾਰਤੀ ਕੈਂਪ ਵਿਚ ਜਗ੍ਹਾ ਬਣਾਈ ਹੈ।
7ਵੀਂ ਕਲਾਸ ਵਿਚ ਹੀ ਨੈਸ਼ਨਲ ਸਕੂਲ ਗੇਮਜ਼ ਵਿਚ ਹਿੱਸਾ ਲਿਆ ਤੇ ਟੀਮ ਨੂੰ ਜਿੱਤ ਮਿਲੀ।
8 ਵਿਚ ਭਾਰਤੀ ਕੈਂਪ ਵਿਚ ਜਗ੍ਹਾ ਬਣਾਈ।
ਏਸ਼ੀਅਨ ਚੈਂਪੀਅਨਸ਼ਿਪ ਥਾਈਲੈਂਡ ਵਿਚ ਹਿੱਸਾ ਲਿਆ, ਟਾਪ ਸਕੋਰਰ ਬਣਿਆ।
ਆਲ ਇੰਡੀਆ ਇੰਟਰ'ਵਰਸਿਟੀ ਚੈਂਪੀਅਨਸ਼ਿਪ ਵਿਚ ਗੋਲਡ ਜਿੱਤਿਆ।
ਸਕੂਲ ਪ੍ਰਿੰਸੀਪਲ ਤੇ ਕੋਚ ਨੇ ਦਿੱਤਾ ਸਹਿਯੋਗ
ਫਰੀਦਕੋਟ 'ਚ ਚੱਲ ਰਹੇ ਬਾਸਕਟਬਾਲ ਅੰਡਰ-14 ਮੈਚ ਵਿਚ ਛੋਟੀ ਉਮਰ ਦੇ ਅਬੀ ਕੁਮਾਰ 'ਤੇ ਕੋਚ ਅਮਰਜੀਤ ਦੀ ਨਜ਼ਰ ਪਈ ਤੇ ਉਸ ਨੇ ਉਸ ਨੂੰ ਪਟਿਆਲਾ ਮਲਟੀਪਰਪਜ਼ ਸਕੂਲ ਵਿਚ 7ਵੀਂ ਕਲਾਸ ਵਿਚ ਦਾਖਲਾ ਦਿਵਾਇਆ। ਚਾਰ ਭਰਾ-ਭੈਣਾਂ ਵਿਚੋਂ ਛੋਟੇ ਭਰਾ ਅਬੀ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਜਗਦੀਸ਼ ਕੁਮਾਰ ਦਿਹਾੜੀਦਾਰ ਹੈ ਅਤੇ ਘਰ ਦੇ ਹਾਲਾਤ ਵਿਗੜ ਰਹੇ ਸਨ। ਪਿਤਾ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਸਹਿਯੋਗ ਨਹੀਂ ਕਰ ਰਿਹਾ ਸੀ ਤਾਂ ਮਾਂ ਨੀਤੂ ਰਾਣੀ ਨੇ ਵੀ ਜੌਬ ਕਰਨੀ ਸ਼ੁਰੂ ਕੀਤੀ ਪਰ 3-4 ਹਜ਼ਾਰ ਵਿਚ ਕੁਝ ਨਹੀਂ ਬਣ ਰਿਹਾ ਸੀ, ਫਿਰ ਪਟਿਆਲਾ ਆ ਕੇ ਪਿੰ੍ਰਸੀਪਲ ਤੋਤਾ ਸਿੰਘ ਚਾਹਲ ਤੇ ਕੋਚ ਅਮਰਜੋਤ ਸਿੰਘ ਦੀ ਨਜ਼ਰ ਵਿਚ ਆ ਗਿਆ ਤੇ ਇਥੇ ਉਸ ਨੇ 7ਵੀਂ ਤੋਂ 12ਵੀਂ ਕਲਾਸ ਤਕ ਇਸੇ ਸਕੂਲ ਵਿਚ ਪੜ੍ਹਾਈ ਕੀਤੀ।  ਕੋਚ ਤੇ ਪਿੰ੍ਰਸੀਪਲ ਨੇ ਹਰ ਤਰ੍ਹਾਂ ਨਾਲ ਉਸ ਦੀ ਮਦਦ ਕੀਤੀ ਤੇ 7ਵੀਂ ਵਿਚ ਹੀ ਨੈਸ਼ਨਲ ਖੇਡਣ ਤੋਂ ਬਾਅਦ ਉਹ ਅੱਗੇ ਵਧਦਾ ਗਿਆ ਤੇ 2015 ਵਿਚ ਥਾਈਲੈਂਡ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਉਥੇ ਆਪਣੇ ਦੇਸ਼ ਵਲੋਂ ਟਾਪ ਸਕੋਰਰ ਵੀ ਬਣਿਆ। 12ਵੀਂ ਤੋਂ ਬਾਅਦ ਮੋਦੀ ਕਾਲਜ ਤੋਂ ਬੀ. ਏ. ਸ਼ੁਰੂ ਕੀਤੀ ਤੇ ਪਹਿਲੇ ਹੀ ਸਾਲ ਵਿਚ ਆਲ ਇੰਡੀਆ ਇੰਟਰ'ਵਰਸਿਟੀ ਵਿਚ ਗੋਲਡ ਜਿੱਤਿਆ, ਜਿਸ ਤੋਂ ਬਾਅਦ ਆਰ. ਸੀ. ਐੱਫ. ਵਿਚ ਨੌਕਰੀ ਮਿਲ ਗਈ।


Gurdeep Singh

Content Editor

Related News