ਕੁਲਦੀਪ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਸ਼ਾਮਲ ਨਾ ਕਰਨ ’ਤੇ ਆਕਾਸ਼ ਨੇ ਚੁੱਕੇ ਸਵਾਲ

Sunday, May 09, 2021 - 11:08 AM (IST)

ਕੁਲਦੀਪ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਸ਼ਾਮਲ ਨਾ ਕਰਨ ’ਤੇ ਆਕਾਸ਼ ਨੇ ਚੁੱਕੇ ਸਵਾਲ

ਨਵੀਂ ਦਿੱਲੀ- ਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਕੌਮਾਂਤਰੀ ਕ੍ਰਿਕਟ ਕਰੀਅਰ ਇਨ੍ਹੀਂ ਦਿਨੀਂ ਜ਼ਿਆਦਾ ਚੰਗਾ ਨਹੀਂ ਚੱਲ ਰਿਹਾ ਹੈ। ਸਾਲ 2017-18 'ਚ ਕੁਲਦੀਪ ਭਾਰਤੀ ਟੀਮ ਦਾ ਰੈਗੂਲਰ ਮੈਂਬਰ ਸੀ ਪਰ 2019 ਵਨ ਡੇ ਵਿਸ਼ਵ ਕੱਪ ਤੋਂ ਬਾਅਦ ਉਸ ਦਾ ਕਰੀਅਰ ਗ੍ਰਾਫ ਹੇਠਾਂ ਡਿੱਗਦਾ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਲੈਅ ਗੁਆ ਦਿੱਤੀ ਤੇ ਮਹਿੰਦਰ ਸਿੰਘ ਧੋਨੀ ਦੀ ਵਿਕਟਾਂ ਦੇ ਪਿੱਛੇ ਗ਼ੈਰਮੌਜੂਦਗੀ ਨਾਲ ਵੀ ਉਨ੍ਹਾਂ ਦੀ ਗੇਂਦਬਾਜ਼ੀ 'ਤੇ ਕਾਫੀ ਅਸਰ ਪਿਆ। 
ਇਹ ਵੀ ਪਡ਼੍ਹੋ : ਡੇਵਿਡ ਵਾਰਨਰ ਨੇ ਮਦਰਸ ਡੇ ’ਤੇ ਪਤਨੀ ਲਈ ਲਿਖਿਆ ਖ਼ਾਸ ਮੈਸੇਜ, ਕਿਹਾ- ਤੁਹਾਡੇ ਕੋਲ ਸੋਨੇ ਦਾ ਦਿਲ ਹੈ

ਸ਼ੁੱਕਰਵਾਰ ਨੂੰ ਜਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੌਮਾਂਤਰੀ ਕ੍ਰਿਕਟ ਕੌਂਸਲਲ ( ਆਈ. ਸੀ. ਸੀ.) ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਇੰਗਲੈਂਡ ਖ਼ਿਲਾਫ਼ ਖੇਡੇ ਜਾਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਜਿਸ 20 ਮੈਂਬਰੀ ਟੈਸਟ ਟੀਮ ਦਾ ਐਲਾਨ ਕੀਤਾ ਉਸ ਵਿਚ ਕੁਲਦੀਪ ਯਾਦਵ ਦਾ ਨਾਂ ਨਹੀਂ ਸੀ। ਇੱਥੇ ਤਕ ਕਿ ਸਟੈਂਡਬਾਈ ਖਿਡਾਰੀਆਂ 'ਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਹੁਣ ਭਾਰਤੀ ਟੈਸਟ ਟੀਮ ਵਿਚ ਕੁਲਦੀਪ ਯਾਦਵ ਨੂੰ ਥਾਂ ਨਾ ਦਿੱਤੇ ਜਾਣ 'ਤੇ ਸਾਬਕਾ ਭਾਰਤੀ ਖਿਡਾਰੀ ਆਕਾਸ਼ ਚੋਪੜਾ ਨੇ ਥੋੜ੍ਹੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਨਿੱਜੀ ਤੌਰ 'ਤੇ ਮੈਨੂੰ ਲਗਦਾ ਹੈ ਕਿ ਕੁਲਦੀਪ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਨੇ ਜ਼ਿਆਦਾ ਕ੍ਰਿਕਟ ਨਹੀਂ ਖੇਡੀ ਹੈ ਤੇ ਇਸ ਆਧਾਰ 'ਤੇ ਉਨ੍ਹਾਂ ਨੂੰ ਲੈ ਕੇ ਕੋਈ ਰਾਇ ਬਣਾਉਣਾ ਸ਼ਾਇਦ ਸਹੀ ਨਹੀਂ ਹੈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਇਕ ਬਹੁਤ ਅਨੌਖੀ ਵਿਕਟ 'ਤੇ ਸਿਰਫ਼ ਇਕ ਹੀ ਟੈਸਟ ਮੈਚ ਖੇਡਿਆ ਸੀ ਤੇ ਕੁਝ ਵਿਕਟਾਂ ਵੀ ਹਾਸਲ ਕੀਤੀਆਂ ਸਨ।
ਇਹ ਵੀ ਪਡ਼੍ਹੋ : ਕੋਰੋਨਾ ਖ਼ਿਲਾਫ਼ ਲੜਾਈ ’ਚ ਰਿਸ਼ਭ ਪੰਤ ਦੇਣਗੇ ਆਪਣਾ ਯੋਗਦਾਨ, ਆਰਥਿਕ ਮਦਦ ਦੇਣ ਦਾ ਕੀਤਾ ਵਾਅਦਾ

ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਪਿੰਕ ਬਾਲ ਟੈਸਟ ਮੈਚ ਨਹੀਂ ਖੇਡਿਆ ਤੇ ਹੁਣ ਉਹ ਟੈਸਟ ਸੀਰੀਜ਼ ਤੋਂ ਵੀ ਬਾਹਰ ਕਰ ਦਿੱਤੇ ਗਏ। ਆਕਾਸ਼ ਚੋਪੜਾ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਨਾ ਹੀ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਵਿਚ ਥਾਂ ਦਿੱਤੀ ਗਈ। ਕੋਵਿਡ-19 ਮਹਾਮਾਰੀ ਵਿਚਾਲੇ ਹਰ ਥਾਂ ਇਕ ਵੱਡੀ ਟੀਮ ਭੇਜੀ ਜਾ ਰਹੀ ਹੈ ਤੇ ਇਸ ਕਾਰਨ ਕੁਲਦੀਪ ਯਾਦਵ ਕਿਉਂ ਨਹੀਂ ਟੀਮ ਵਿਚ ਥਾਂ ਹਾਸਲ ਕਰ ਸਕੇ ਇਹ ਸਮਝ ਤੋਂ ਬਾਹਰ ਹੈ। ਤੁਸੀਂ ਟੀਮ ਵਿਚ ਚਾਰ ਗੇਂਦਬਾਜ਼ੀ ਬਦਲ ਸ਼ਾਮਲ ਕੀਤੇ ਹਨ ਜਿਸ ਵਿਚ ਆਰ ਅਸ਼ਵਿਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ ਤੇ ਅਕਸ਼ਰ ਪਟੇਲ ਸ਼ਾਮਲ ਹਨ ਪਰ ਇਹ ਸਾਰੇ ਫਿੰਗਰ ਸਪਿਨਰ ਹਨ। ਇਸ ਕਾਰਨ ਇਕ ਰਿਸਟ ਸਪਿਨਰ ਨੂੰ ਵੀ ਟੀਮ ਵਿਚ ਮੌਕਾ ਦਿੱਤਾ ਜਾ ਸਕਦਾ ਹੈ ਤੇ ਇਸ ਵਿਚ ਕੋਈ ਬੁਰਾਈ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News