ਕਰੁਣਾਲ ਪੰਡਯਾ ਨੇ ਛੱਡੀ ਬੜੌਦਾ ਟੀਮ ਦੀ ਕਪਤਾਨੀ
Saturday, Nov 27, 2021 - 05:59 PM (IST)
ਵਡੋਦਰਾ- ਮੁੰਬਈ ਇੰਡੀਅਨਜ਼ ਤੇ ਭਾਰਤ ਦੇ ਹਰਫਨਮੌਲਾ ਖਿਡਾਰੀ ਕਰੁਣਾਲ ਪੰਡਯਾ ਨੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ 'ਚ ਟੀਮ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਲਈ ਬੜੌਦਾ ਦੇ ਕਪਤਾਨ ਦਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ। ਬੜੌਦਾ ਕ੍ਰਿਕਟ ਸੰਘ ਦੇ ਅਜੀਤ ਲੇਲੇ ਨੇ ਦੱਸਿਆ ਕਿ ਕਰੁਣਾਲ ਨੇ ਸ਼ੁੱਕਰਵਾਰ ਨੂੰ ਸੂਬਾ ਨਿਕਾਯ (ਬਾਡੀ) ਨੂੰ ਆਪਣੇ ਫ਼ੈਸਲੇ ਨਾਲ ਜਾਣੂ ਕਰਵਾਇਆ ਪਰ ਟੀਮ ਦੀ ਅਗਵਾਈ ਛੱਡਣ ਦਾ ਕੋਈ ਕਾਰਨ ਨਹੀਂ ਦੱਸਿਆ।
ਲੇਲੇ ਨੇ ਕਿਹਾ ਕਿ ਉਹ ਇਕ ਖਿਡਾਰੀ ਦੇ ਤੌਰ 'ਤੇ ਉਪਲਬਧ ਰਹਿਣਗੇ। ਉਨ੍ਹਾਂ ਨੇ ਆਪਣੇ ਫ਼ੈਸਲੇ ਨਾਲ ਬੋਰਡ ਪ੍ਰਧਾਨ ਨੂੰ ਜਾਣੂ ਕਰਵਾਇਆ। ਉਨ੍ਹਾਂ ਤੋਂ ਬਾਅਦ ਕਪਤਾਨ ਦਾ ਨਾਂ ਚੋਣਕਰਤਾ ਦੀ ਕਲ ਦੀ ਬੈਠਕ ਦੇ ਬਾਅਦ ਤੈਅ ਹੋਵੇਗਾ। ਇਸ 30 ਸਾਲਾ ਖਿਡਾਰੀ ਨੇ ਭਾਰਤ ਲਈ ਪੰਜ ਵਨ-ਡੇ ਤੇ 19 ਟੀ-20 ਮੈਚ ਖੇਡੇ ਹਨ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਜੇ ਹਜ਼ਾਰੇ ਲਈ ਕੇਦਾਰ ਦੇਵਧਰ ਕਪਤਾਨ ਦੇ ਅਹੁਦੇ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਹੋਣਗੇ।
ਬੜੌਦਾ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫ਼ੀ 'ਚ ਇਕ ਜਿੱਤ ਤੇ ਚਾਰ ਹਾਰ ਦੇ ਨਾਲ ਟੀਮ ਗਰੁੱਪ ਬੀ 'ਚ ਚਾਰ ਅੰਕ ਦੇ ਨਾਲ ਸਭ ਤੋਂ ਹੇਠਲੀ ਪਾਇਦਾਨ 'ਤੇ ਰਹੀ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਨਿਯਮਿਤ ਖਿਡਾਰੀ ਦੀਪਕ ਹੁੱਡਾ ਨੇ ਪਿਛਲੇ ਸਾਲ ਕਰੁਣਾਲ 'ਤੇ ਬਦਸਲੂਕੀ ਦਾ ਦੋਸ਼ ਲਾਉਂਦੇ ਹੋਏ ਬੜੌਦਾ ਟੀਮ ਦਾ ਸਾਥ ਛੱਡ ਦਿੱਤਾ ਸੀ। ਉਹ ਹੁਣ ਰਾਜਸਥਾਨ ਲਈ ਖੇਡਦੇ ਹਨ।