GT vs LSG : ਹਾਰਦਿਕ ਪੰਡਯਾ ਦਾ ਵਿਕਟ ਝਟਕਾ ਕੇ ਸੈਲੀਬ੍ਰੇਸ਼ਨ ਮਨਾਉਣਾ ਭੁੱਲੇ ਕਰੁਣਾਲ
Tuesday, Mar 29, 2022 - 01:58 PM (IST)
ਨਵੀਂ ਦਿੱਲੀ- ਆਈ. ਪੀ. ਐੱਲ. 2022 ਦੇ ਚੌਥੇ ਲੀਗ ਮੈਚ ਵਿਚ ਇਸ ਵਾਰ ਦੋ ਨਵੀਆਂ ਟੀਮਾਂ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ’ਚ ਆਹਮੋ-ਸਾਹਮਣੇ ਸਨ। ਇਸ ਮੈਚ ’ਚ ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਟੀਮ ਗੁਜਰਾਤ ਨੇ ਕੇ. ਐੱਲ. ਰਾਹੁਲ ਦੀ ਕਪਤਾਨੀ ਵਾਲੀ ਲਖਨਊ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾਇਆ। ਲਖਨਊ ਨੇ ਇਸ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੀਪਕ ਹੁੱਡਾ (55 ਦੌੜਾਂ) ਅਤੇ ਆਯੂਸ਼ ਬਡੋਨੀ (54 ਦੌੜਾਂ) ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ’ਚ 6 ਵਿਕਟਾਂ ’ਤੇ 158 ਦੌੜਾਂ ਬਣਾਈਆਂ। ਗੁਜਰਾਤ ਨੂੰ ਜਿੱਤ ਲਈ 159 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਇਸ ਟੀਮ ਨੇ 19.4 ਓਵਰਾਂ ’ਚ 5 ਵਿਕਟਾਂ ’ਤੇ 161 ਦੌੜਾਂ ਬਣਾ ਕੇ ਹਾਸਲ ਕਰ ਲਿਆ।
ਇਹ ਵੀ ਪੜ੍ਹੋ : IPL 2022 : ਬਤੌਰ ਕਪਤਾਨ ਪਹਿਲਾ ਮੈਚ ਜਿੱਤੇ ਹਾਰਦਿਕ ਪੰਡਯਾ, ਇਸ ਨੂੰ ਦਿੱਤਾ ਜਿੱਤ ਦਾ ਸਿਹਰਾ
ਭਰਾ ਕਰੁਣਾਲ ਪੰਡਯਾ ਨੇ ਹਾਰਦਿਕ ਨੂੰ ਕੀਤਾ ਆਊਟ
ਇਸ ਮੈਚ ’ਚ ਜਦੋਂ ਹਾਰਦਿਕ ਗੁਜਰਾਤ ਦੀ ਕਪਤਾਨੀ ਕਰ ਰਹੇ ਸਨ ਤਾਂ ਉਨ੍ਹਾਂ ਦਾ ਭਰਾ ਕਰੁਣਾਲ ਆਲ ਰਾਊਂਡਰ ਦੇ ਰੂਪ ’ਚ ਲਖਨਊ ਸੁਪਰ ਜਾਇੰਟਸ ਦੀ ਨੁਮਾਇੰਦਗੀ ਕਰ ਰਿਹਾ ਸੀ। ਪਹਿਲੀ ਪਾਰੀ ’ਚ ਕਰੁਣਾਲ ਨੇ 13 ਗੇਂਦਾਂ ’ਚ 3 ਚੌਕਿਆਂ ਦੀ ਮਦਦ ਨਾਲ ਨਾਬਾਦ 21 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਉਸ ਨੇ 4 ਓਵਰਾਂ ’ਚ 17 ਦੌੜਾਂ ਦੇ ਕੇ ਇਕ ਵਿਕਟ ਲਈ। ਕਰੁਣਾਲ ਨੂੰ ਜੋ ਇਕ ਸਫਲਤਾ ਮਿਲੀ, ਉਹ ਉਸ ਦੇ ਭਰਾ ਹਾਰਦਿਕ ਪੰਡਯਾ ਦੇ ਵਿਕਟ ਦੇ ਤੌਰ ’ਤੇ ਮਿਲੀ।
ਇਹ ਵੀ ਪੜ੍ਹੋ : ਮੀਰਾਬਾਈ ਚਾਨੂ 'ਬੀ.ਬੀ.ਸੀ. ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ' ਦਾ ਪੁਰਸਕਾਰ
ਲਖਨਊ ਖ਼ਿਲਾਫ਼ ਹਾਰਦਿਕ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਆਇਆ, ਜਦੋਂ ਉਸ ਦੀ ਟੀਮ ਨੇ 15 ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਹਾਰਦਿਕ ਨੇ ਆਉਂਦਿਆਂ ਹੀ ਆਪਣੇ ਅੰਦਾਜ਼ ’ਚ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਹਾਰਦਿਕ ਨੇ 28 ਗੇਂਦਾਂ ਵਿਚ ਇਕ ਛੱਕੇ ਤੇ ਪੰਜ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਫਿਰ ਕੇ. ਐੱਲ. ਰਾਹੁਲ ਨੇ ਦੂਜੀ ਪਾਰੀ ’ਚ 11ਵਾਂ ਓਵਰ ਕਰਨ ਲਈ ਕਰੁਣਾਲ ਨੂੰ ਗੇਂਦ ਦਿੱਤੀ। 11ਵੇਂ ਓਵਰ ਦੀ ਪਹਿਲੀ ਹੀ ਗੇਂਦ ’ਤੇ ਕਰੁਣਾਲ ਨੇ ਹਾਰਦਿਕ ਪੰਡਯਾ ਨੂੰ ਮਨੀਸ਼ ਪਾਂਡੇ ਦੇ ਹੱਥੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਹਾਰਦਿਕ ਦੇ ਆਊਟ ਹੋਣ ਤੋਂ ਬਾਅਦ ਕਰੁਣਾਲ ਨੇ ਜਸ਼ਨ ਨਹੀਂ ਮਨਾਇਆ ਤੇ ਸਿਰਫ਼ ਦੋਵਾਂ ਹੱਥਾਂ ਨਾਲ ਆਪਣਾ ਮੂੰਹ ਦਬਾਉਂਦੇ ਦਿਸੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।