ਵਿਸ਼ਵ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ ਕੋਮਾਲਿਕਾ ਨੇ ਜਿੱਤਿਆ ਗੋਲਡ
Monday, Aug 26, 2019 - 10:35 AM (IST)

ਨਵੀਂ ਦਿੱਲੀ— ਭਾਰਤੀ ਤੀਰਅੰਦਾਜ਼ ਕੋਮਾਲਿਕਾ ਬਾਰੀ ਨੇ ਐਤਵਾਰ ਨੂੰ ਇੱਥੇ ਵਿਸ਼ਵ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਰਿਕਰਵ ਕੈਡੇਟ ਵਰਗ ਦੇ ਇਕਪਾਸੜ ਫਾਈਨਲ 'ਚ ਜਾਪਾਨ ਦੀ ਉੱਚ ਰੈਂਕਿੰਗ ਵਾਲੀ ਸੋਨੋਦਾ ਵਾਕਾ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਜਮਸ਼ੇਦਪੁਰ ਦੀ ਟਾਟਾ ਤੀਰਅੰਦਾਜ਼ੀ ਅਕੈਡਮੀ ਦੀ 17 ਸਾਲ ਦੀ ਖਿਡਾਰਨ ਕੋਮਾਲਿਕਾ ਅੰਡਰ-18 ਵਰਗ 'ਚ ਵਿਸ਼ਵ ਚੈਂਪੀਅਨ ਬਣਨ ਵਾਲੀ ਭਾਰਤ ਦੀ ਦੂਜੀ ਤੀਰਅੰਦਾਜ਼ ਬਣੀ। ਉਨ੍ਹਾਂ ਤੋਂ ਪਹਿਲਾਂ ਦੀਪਿਕਾ ਕੁਮਾਰੀ ਨੇ 2009 'ਚ ਇਹ ਖਿਤਾਬ ਜਿੱਤਿਆ ਸੀ।
ਵਿਸ਼ਵ ਤੀਰਅੰਦਾਜ਼ੀ ਤੋਂ ਮੁਅੱਤਲੀ ਲਾਗੂ ਹੋਣ ਤੋਂ ਪਹਿਲਾਂ ਭਾਰਤ ਨੇ ਆਪਣੀ ਆਖਰੀ ਪ੍ਰਤੀਯੋਗਿਤਾ 'ਚ ਦੋ ਸੋਨ ਅਤੇ ਇਕ ਕਾਂਸੀ ਤਮਗੇ ਨਾਲ ਮੁਹਿੰਮ ਦਾ ਅੰਤ ਕੀਤਾ। ਇਸ ਮਹੀਨੇ ਦੀ ਸ਼ੁਰੂਆਤ 'ਚ ਵਿਸ਼ਵ ਤੀਰਅੰਦਾਜ਼ੀ ਨੇ ਭਾਰਤ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ ਜਿਸ ਦੇ ਹਟਣ ਤਕ ਕੋਈ ਵੀ ਭਾਰਤੀ ਤੀਰਅੰਦਾਜ਼ ਦੇਸ਼ ਦੀ ਨੁਮਾਇੰਦਗੀ ਨਹੀਂ ਕਰ ਸਕੇਗਾ। ਭਾਰਤੀ ਤੀਰਅੰਦਾਜ਼ੀ ਨੇ ਇਸ ਤੋਂ ਪਹਿਲਾਂ ਮਿਕਸਡ ਜੂਨੀਅਰ ਡਬਲਜ਼ ਮੁਕਾਬਲੇ 'ਚ ਸੋਨ ਅਤੇ ਜੂਨੀਅਰ ਪੁਰਸ਼ ਟੀਮ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ ਸੀ।