ਅੰਬਾਤੀ ਰਾਇਡੂ ਨੇ ਅਚਾਨਕ ਲਿਆ ਸੰਨਿਆਸ ਤਾਂ ਕਪਤਾਨ ਕੋਹਲੀ ਨੇ ਕਿਹਾ ਧੰਨਵਾਦ

Thursday, Jul 04, 2019 - 11:50 AM (IST)

ਅੰਬਾਤੀ ਰਾਇਡੂ ਨੇ ਅਚਾਨਕ ਲਿਆ ਸੰਨਿਆਸ ਤਾਂ ਕਪਤਾਨ ਕੋਹਲੀ ਨੇ ਕਿਹਾ ਧੰਨਵਾਦ

ਨਵੀਂ ਦਿੱਲੀ : ਵਰਲਡ ਕੱਪ ਟੀਮ ਵਿਚ ਅਣਦੇਖੀ ਤੋਂ ਬਾਅਦ ਕ੍ਰਿਕਟ ਦੇ ਸਾਰੇ ਸਵਰੂਪਾਂ ਨੂੰ ਅਲਵਿਦਾ ਕਹਿਣ ਵਾਲੇ ਮਿਡਲ ਆਰਡਰ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੂੰ ਲੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕੀਤਾ ਹੈ। ਟਵੀਟ ਵਿਚ ਵਿਰਾਟ ਨੇ ਰਾਇਡੂ ਨੂੰ ਚੋਟੀ ਪੱਧਰ ਦਾ ਖਿਡਾਰੀ ਦੱਸਿਆ ਅਤੇ ਅੱਗੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਵਰਲਡ ਕੱਪ 2019 ਵਿਚ ਚੋਣ ਨਾ ਹੋਣ ਕਾਰਨ ਦੁੱਖੀ ਹੋ ਕੇ ਉਸਦਾ ਇਕ ਵਿਵਾਦਿਤ ਟਵੀਟ ਵੀ ਬੇਹੱਦ ਚਰਚਾ ਵਿਚ ਆਇਆ ਸੀ। ਜਿਸ ਤੋਂ ਬਾਅਦ ਉਸ ਨੂੰ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਜ਼ਖਮੀ ਹੋ ਕੇ ਸ਼ਿਖਰ ਧਵਨ ਅਤੇ ਫਿਰ ਵਿਜੇ ਸ਼ੰਕਰ ਦੇ ਬਾਹਰ ਹੋਣ ਤੋਂ ਬਾਅਦ ਵੀ ਬੀ. ਸੀ. ਸੀ. ਆਈ. ਨੇ ਉਸ ਨੂੰ ਵਰਲਡ ਕੱਪ ਲਈ ਇੰਗਲੈਂਡ  ਨਹੀਂ ਭੇਜਿਆ। ਵਿਰਾਟ ਨੇ ਟਵਿੱਟਰ 'ਤੇ ਅੰਬਾਤੀ ਰਾਇਡੂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਲਿਖਿਆ, ''ਅੱਗੇ ਲਈ ਸ਼ੁਭਕਾਮਨਾਵਾਂ। ਤੁਸੀਂ ਇਕ ਚੋਟੀ ਪੱਧਰ ਦੇ ਖਿਡਾਰੀ ਹੋ।''

PunjabKesari

ਬੀ. ਸੀ. ਸੀ. ਆਈ. ਦੇ ਬਿਆਨ ਮੁਤਾਬਕ ਰਾਇਡੂ ਨੇ ਬੋਰਡ ਨੂੰ ਭੇਜੇ ਪੱਤਰ ਵਿਚ ਲਿਖਿਆ ਹੈ, ''ਮੈਂ ਇਹ ਫੈਸਲਾ ਲਿਆ ਹੈ ਕਿ ਮੈਂ ਖੇਡ ਤੋਂ ਪਿੱਛੇ ਹਟ ਜਾਵਾਂ ਅਤੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਵਾਂ। ਮੇਰੇ ਲਈ ਇਹ ਸ਼ਾਨਦਾਰ ਸਫਰ ਰਿਹਾ। ਬੀਤੇ 25 ਸਾਲਾਂ ਵਿਚ ਆਪਣੇ ਕਰੀਅਰ ਵਿਚ ਆਏ ਕਈ ਉਤਰਾਅ ਚੜਾਵਾਂ ਤੋਂ ਕਾਫੀ ਕੁਝ ਸਿੱਖਿਆ। ਮੈਂ ਬੀ. ਸੀ. ਸੀ. ਆਈ. ਅਤੇ ਸਾਰੇ ਸੂਬਿਆਂ ਦੇ ਸੰਘਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਖੇਡਣ ਦਾ ਮੌਕਾ ਦਿੱਤਾ। ਇਸ ਵਿਚ ਹੈਦਰਾਬਾਦ, ਬੜੌਦਾ, ਆਂਦਰਾ ਪ੍ਰਦੇਸ਼ ਅਦੇ ਵਿਦਰਭ ਦੇ ਨਾਂ ਸ਼ਾਮਲ ਹਨ। ਮੈਂ ਆਈ. ਪੀ. ਐੱਲ. ਦੀਆਂ 2 ਫ੍ਰੈਂਚਾਈਜ਼ੀਆਂ ਮੁੰਬਈ ਅਤੇ ਚੇਨਈ ਸੁਪਰ ਕਿੰਗਜ਼ ਦਾ ਧੰਨਵਾਦ ਕਰਦਾ ਹਾਂ।'' ਬੀ. ਸੀ. ਸੀ. ਆਈ. ਨੇ ਵੀ ਰਾਇਡੂ ਨੂੰ ਭਵਿੱਖ ਲਈ ਵਧਾਈ ਦਿੱਤੀ ਹੈ।


Related News