ਕੋਹਲੀ ਤੋਂ ਉਠ ਚੁੱਕਾ ਹੈ ਖਿਡਾਰੀਆਂ ਦਾ ਭਰੋਸਾ, ਸੀਨੀਅਰ ਕ੍ਰਿਕਟਰ ਨੇ ਕੀਤੀ BCCI ਨੂੰ ਸ਼ਿਕਾਇਤ : ਰਿਪੋਰਟ
Sunday, Sep 19, 2021 - 06:09 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਇਸ ਫੈਸਲੇ ਦੇ ਬਾਅਦ ਕਈ ਰਿਪੋਰਟਾਂ ਸਾਹਮਣੇ ਆਈਆਂ। ਕਿਸੇ 'ਚ ਕਿਹਾ ਗਿਆ ਕਿ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਉਪ ਕਪਤਾਨੀ ਤੋਂ ਹਟਾਉਣ ਨੂੰ ਕਿਹਾ ਸੀ। ਤਾਂ ਕਿਸੇ 'ਚ ਉਨ੍ਹਾਂ ਦੇ ਤੇ ਸਿਲੈਕਟਰ ਵਿਚਾਲੇ ਸ਼ਿਖਰ ਧਵਨ ਨੂੰ ਲੈ ਕੇ ਤਣਾਅ ਦੀਆਂ ਖ਼ਬਰਾਂ ਆਈਆਂ। ਜਦਕਿ ਤਾਜ਼ਾ ਰਿਪੋਰਟ ਦੇ ਮੁਤਾਬਕ ਕਪਤਾਨ ਕੋਹਲੀ 'ਤੇ ਉਨ੍ਹਾਂ ਦੇ ਖਿਡਾਰੀਆਂ ਦਾ ਹੀ ਭਰੋਸਾ ਉਠ ਗਿਆ ਹੈ।
ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਨੇ ਗੁਜਰਾਤ ਦੇ ਆਲਰਾਊਂਡਰ ਰੂਸ਼ ਕਲਾਰੀਆ ਨੂੰ ਕੀਤਾ ਟੀਮ 'ਚ ਸ਼ਾਮਲ
ਦਰਅਸਲ ਇਕ ਅਖਬਾਰ ਦੀ ਰਿਪੋਰਟ ਮੁਤਾਬਕ ਇਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਸਾਊਥੰਪਟਨ 'ਚ ਖੇਡੇ ਗਏ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਦੇ ਬਾਅਦ ਤੋਂ ਟੀਮ 'ਚ ਸਭ ਕੁਝ ਠੀਕ ਨਹੀਂ ਸੀ। ਦਰਅਸਲ ਭਾਰਤ ਦੀ ਹਾਰ ਦੇ ਬਾਅਦ ਵਿਰਾਟ ਕੋਹਲੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਟੀਮ 'ਚ ਜਿੱਤ ਦਾ ਜਜ਼ਬਾ ਨਹੀਂ ਦਿਸਿਆ। ਟੀਮ ਦੇ ਬਾਕੀ ਖਿਡਾਰੀਆਂ ਨੂੰ ਇਹ ਗੱਲ ਪਸੰਦ ਨਹੀਂ ਆਈ ਸੀ।
ਸੂਤਰ ਨੇ ਦੱਸਿਆ ਕਿ ਇਸ ਤੋਂ ਬਾਅਦ ਟੀਮ ਦੇ ਇਕ ਸੀਨੀਅਰ ਖਿਡਾਰੀ ਨੇ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੂੰ ਚਿੱਠੀ ਲਿਖ ਕੇ ਕਪਤਾਨ ਦੇ ਵਤੀਰੇ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਟੀਮ ਦੇ ਖਿਡਾਰੀਆਂ ਨੂੰ ਕੋਹਲੀ ਦੇ ਇਸ ਬਿਆਨ ਤੋਂ ਇਤਰਾਜ਼ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕੋਹਲੀ ਆਪਣਾ ਆਪਾ ਗੁਆ ਰਹੇ ਹਨ। ਟੀਮ ਦੇ ਅੰਦਰ ਉਨ੍ਹਾਂ ਪ੍ਰਤੀ ਇੱਜ਼ਤ ਘੱਟ ਹੋ ਗਈ ਹੈ। ਕਈ ਖਿਡਾਰੀਆਂ ਨੂੰ ਉਨ੍ਹਾਂ ਦਾ ਰਵੱਈਆ ਪਸੰਦ ਨਹੀਂ ਆ ਰਿਹਾ ਹੈ। ਉਹ ਇਕ ਪ੍ਰੇਰਣਾਦਾਇਕ ਲੀਡਰ ਨਹੀਂ ਰਹਿ ਗਏ ਹਨ ਤੇ ਹੁਣ ਉਨ੍ਹਾਂ ਨੇ ਖਿਡਾਰੀਆਂ ਦੇ ਸਾਹਮਣੇ ਆਪਣਾ ਪੁਰਾਣਾ ਸਨਮਨ ਵੀ ਗੁਆ ਦਿੱਤਾ ਹੈ।
ਕੋਚ ਨਾਲ ਵੀ ਭਿੜ ਗਏ ਸਨ ਵਿਰਾਟ!
ਸੂਤਰ ਨੇ ਅਖ਼ਬਾਰ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਵਿਰਾਟ ਖ਼ੁਦ ਬੱਲੇ ਨਾਲ ਵੱਡੀਆਂ ਪਾਰੀਆਂ ਖੇਡਣ 'ਚ ਸਫਲ ਨਹੀਂ ਹੋ ਰਹੇ। ਹਾਲ ਹੀ 'ਚ ਇਕ ਕੋਚ ਨੇ ਉਨ੍ਹਾਂ ਨੂੰ ਨੈੱਟ ਪ੍ਰੈਕਟਿਸ ਦੇ ਦੌਰਾਨ ਕੁਝ ਸਲਾਹ ਦਿੱਤੀ ਜਿਸ ਦਾ ਉਨ੍ਹਾਂ ਨੇ ਬੁਰੀ ਤਰ੍ਹਾਂ ਜਵਾਬ ਦਿੱਤਾ ਤੇ ਕਿਹਾ ਕਿ ਮੈਨੂੰ ਕਨਫ਼ਿਊਜ਼ ਨਾ ਕਰੋ। ਇਹ ਦਸਦਾ ਹੈ ਕਿ ਉਸ ਦਾ ਵਿਵਹਾਰ ਕਿੰਨਾ ਬਦਲ ਗਿਆ ਹੈ। ਹੁਣ ਟੀ-20 ਵਰਲਡ ਕੱਪ ਦੇ ਬਾਅਦ ਸਪੋਰਟ ਸਟਾਫ਼ ਬਦਲ ਜਾਵੇਗਾ। ਵਿਰਾਟ ਨੂੰ ਪਤਾ ਹੈ ਕਿ ਹੁਣ ਉਨ੍ਹਾਂ ਦੀ ਜ਼ਿਆਦਾ ਨਹੀਂ ਚਲੇਗੀ। ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹਨ ਪਰ ਤੁਸੀਂ ਲੀਡਰਸ਼ਿਪ ਦਾ ਅਸਰ ਆਪਣੀ ਬੱਲੇਬਾਜ਼ੀ 'ਤੇ ਨਹੀਂ ਪੈਣ ਦੇ ਸਕਦੇ।
ਰੋਹਿਤ ਸ਼ਰਮਾ ਨੂੰ ਲੈ ਕੇ ਸੂਤਰ ਨੇ ਕਿਹਾ ਕਿ ਰੋਹਿਤ ਸ਼ਰਮਾ ਜਿਨ੍ਹਾਂ ਨੂੰ ਅਗਲਾ ਕਪਤਾਨ ਬਣਨਾ ਚਾਹੀਦਾ ਹੈ, ਕਾਫ਼ੀ ਸ਼ਾਂਤ ਤੇ ਸਰਲ ਸੁਭਾਅ ਦੇ ਹਨ। ਯੁਵਾ ਖਿਡਾਰੀ ਰੋਹਿਤ ਨੂੰ ਵੱਡੇ ਭਰਾ ਦੀ ਤਰ੍ਹਾਂ ਮੰਨਦੇ ਹਨ। ਯੁਵਾ ਖਿਡਾਰੀ ਰੋਹਿਤ 'ਤੇ ਵਿਸ਼ਵਾਸ ਵੀ ਕਰਦੇ ਹਨ। ਹੁਣ ਟੀ-20 ਦੀ ਕਪਤਾਨੀ ਛੱਡਣ ਦਾ ਐਲਾਨ ਕਰਕੇ ਵਿਰਾਟ ਕੋਹਲੀ ਨੇ ਗੇਂਦ ਭਾਰਤ ਕ੍ਰਿਕਟ ਕੰਟਰੋਲ ਬੋਰਡ ਦੇ ਪਾਲੇ 'ਚ ਪਾ ਦਿੱਤੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।