ਕੋਹਲੀ-ਬੁਮਰਾਹ ਵਨ ਡੇ ਰੈਂਕਿੰਗ ''ਚ ਚੋਟੀ ''ਤੇ ਬਰਕਰਾਰ

Sunday, Mar 17, 2019 - 10:27 PM (IST)

ਕੋਹਲੀ-ਬੁਮਰਾਹ ਵਨ ਡੇ ਰੈਂਕਿੰਗ ''ਚ ਚੋਟੀ ''ਤੇ ਬਰਕਰਾਰ

ਦੁਬਈ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਐਤਵਾਰ ਨੂੰ ਜਾਰੀ ਆਈ. ਸੀ. ਸੀ. ਵਨ ਡੇ ਰੈਂਕਿੰਗ ਦੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਸੂਚੀ ਵਿਚ ਚੋਟੀ ਸਥਾਨ 'ਤੇ ਬਰਕਰਾਰ ਹਨ।
ਆਸਟਰੇਲੀਆ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਘਰੇਲੂ ਲੜੀ ਵਿਚ 310 ਦੌੜਾਂ ਬਣਾਉਣ ਤੋਂ ਬਾਅਦ ਕੋਹਲੀ ਪਹਿਲੇ ਸਥਾਨ 'ਤੇ ਕਾਬਜ਼ ਰਿਹਾ, ਜਦਕਿ ਵਨ ਡੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਇਸ ਲੜੀ ਵਿਚ 202 ਦੌੜਾਂ ਦੇ ਦਮ 'ਤੇ ਰੈਂਕਿੰਗ ਵਿਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਕੇਦਾਰ ਜਾਧਵ ਦੇ ਆਲਰਾਊਂਡ ਪ੍ਰਦਰਸ਼ਨ ਨੇ ਉਸ ਨੂੰ ਪੰਜ ਮੈਚਾਂ ਦੀ ਲੜੀ ਤੋਂ ਬਾਅਦ 11 ਸਥਾਨਾਂ ਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ 24ਵੇਂ ਸਥਾਨ 'ਤੇ ਪਹੁੰਚਾ ਦਿੱਤਾ ਹੈ। ਇਸ ਲੜੀ ਨੂੰ ਭਾਰਤ ਨੇ 2-3 ਨਾਲ ਗੁਆ ਦਿੱਤਾ ਸੀ। ਇਸ ਵਿਚਾਲੇ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ ਨੇ ਸ਼ਨੀਵਾਰ ਨੂੰ ਕੇਪਟਾਊਨ ਵਿਚ ਸ਼੍ਰੀਲੰਕਾ ਵਿਰੁੱਧ ਖਤਮ ਹੋਈ ਘਰੇਲੂ ਲੜੀ ਵਿਚ ਟੀਮ ਦੀ 5-0 ਨਾਲ ਜਿੱਤ ਵਿਚ ਵੱਡੀ ਭੂਮਿਕਾ ਨਿਭਾਉਣ ਤੋਂ ਬਾਅਦ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚੌਥਾ ਸਥਾਨ ਹਾਸਲ ਕੀਤਾ। 
ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਬੁਮਰਾਹ 774 ਅੰਕਾਂ ਨਾਲ ਚੋਟੀ 'ਤੇ ਹੈ। ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼  ਟ੍ਰੇਂਟ ਬੋਲਟ ਨੇ ਬੰਗਲਾਦੇਸ਼ ਵਿਰੁੱਧ 6 ਵਿਕਟਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਅਫਗਾਨਿਸਤਾਨ ਦਾ ਰਾਸ਼ਿਦ ਖਾਨ ਤੀਜੇ ਸਥਾਨ 'ਤੇ ਧੱਕ ਦਿੱਤਾ ਹੈ। ਆਲਰਾਊਂਡਰਾਂ ਦੀ ਸੂਚੀ ਵਿਚ ਰਾਸ਼ਿਦ ਖਾਨ ਚੋਟੀ 'ਤੇ ਬਣਿਆ ਹੋਇਆ ਹੈ। ਚੋਟੀ ਦੇ ਪੰਜ ਵਿਚ ਹਾਲਾਂਕਿ ਕੋਈ ਭਾਰਤੀ ਨਹੀਂ ਹੈ। ਵਨ ਡੇ ਟੀਮ ਰੈਂਕਿੰਗ ਵਿਚ ਇੰਗਲੈਂਡ ਪਹਿਲੇ ਤੇ ਭਾਰਤ ਦੂਜੇ ਸਥਾਨ 'ਤੇ ਬਰਕਰਾਰ ਹੈ। ਨਿਊਜ਼ੀਲੈਂਡ ਮਾਮੂਲੀ ਫਰਕ ਨਾਲ ਦੱਖਣੀ ਅਫਰੀਕਾ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਆਸਟਰੇਲੀਆ ਪਾਕਿਸਤਾਨ ਨੂੰ ਧੱਕ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਨੂੰ ਇਕ ਅੰਕ ਦਾ ਫਾਇਦਾ ਹੋਇਆ ਹੈ, ਜਦਕਿ ਸ਼੍ਰੀਲੰਕਾ ਨੂੰ ਦੋ ਅੰਕਾਂ ਦਾ ਨੁਕਸਾਨ ਹੋਇਆ ਹੈ। 


author

Gurdeep Singh

Content Editor

Related News