IND vs NZ : ਸ਼ੰਮੀ ਨੂੰ ਟਰੋਲ ਕਰਨ ਵਾਲਿਆਂ ਨੂੰ ਵਿਰਾਟ ਨੇ ਲਿਆ ਲੰਮੇ ਹੱਥੀਂ, ਪੰਡਯਾ ਦੀ ਫਿੱਟਨੈਸ 'ਤੇ ਵੀ ਦਿੱਤਾ ਬਿਆਨ
Saturday, Oct 30, 2021 - 07:23 PM (IST)
ਸਪੋਰਟਸ ਡੈਸਕ- ਨਿਊਜ਼ੀਲੈਂਡ ਖ਼ਿਲਾਫ਼ ਟੀ-20 ਵਰਲਡ ਕੱਪ ਦੇ ਮੁਕਾਬਲੇ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਮੁਹੰਮਦ ਸ਼ੰਮੀ ਨੂੰ ਟਰੋਲ ਕਰਨ ਦੇ ਸਵਾਲਾਂ ਦਾ ਜਵਾਬ ਦਿੱਤਾ। ਪਾਕਿਸਤਾਨ ਤੋਂ ਹਾਰ ਦੇ ਬਾਅਦ ਮੁਹੰਮਦ ਸ਼ੰਮੀ ਦੀ ਆਨਲਾਈਨ ਟਰੋਲਿੰਗ ਦੇ ਮੁੱਦੇ 'ਤੇ ਕੋਹਲੀ ਭੜਕ ਗਏ। ਉਨ੍ਹਾਂ ਕਿਹਾ ਕਿ ਬਤੌਰ ਖਿਡਾਰੀ ਸਾਡਾ ਕੰਮ ਖੇਡਣਾ ਹੈ। ਬਾਹਰ ਲੋਕ ਕੀ ਕਹਿੰਦੇ ਹਨ ਅਸੀਂ ਉਸ 'ਤੇ ਧਿਆਨ ਨਹੀਂ ਦਿੰਦੇ। ਸਾਡਾ ਫੋਕਸ ਪੂਰੀ ਤਰ੍ਹਾਂ ਨਾਲ ਮੈਚ 'ਤੇ ਹੈ ਨਾ ਕਿ ਇਸ ਤਰ੍ਹਾਂ ਦੇ ਡਰਾਮੇ ਨੂੰ ਤਵੱਜੋ ਦੇਣਾ। ਤੁਹਾਨੂੰ ਦਸ ਦਈਏ ਕਿ ਟੀ-20 ਵਰਲਡ ਕੱਪ 'ਚ 24 ਅਕਤੂਬਰ ਨੂੰ ਖੇਡੇ ਗਏ ਮੁਕਾਬਲੇ 'ਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸ਼ੰਮੀ ਨੂੰ ਸੋਸ਼ਲ ਮੀਡੀਆ 'ਚ ਟਰੋਲ ਕੀਤਾ ਗਿਆ ਸੀ। ਕੋਹਲੀ ਨੇ ਮੈਚ ਦੇ ਬਾਅਦ ਮੰਨਿਆ ਸੀ ਕਿ ਪਾਕਿਸਤਾਨ ਨੇ ਟੀਮ ਇੰਡੀਆ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ।
ਕੋਹਲੀ ਨੇ ਪ੍ਰੈੱਸ ਕਾਨਫੰਰਸ 'ਚ ਧਰਮ ਦੇ ਆਧਾਰ 'ਤੇ ਮੁਹੰਮਦ ਸ਼ੰਮੀ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਹਨ ਜੋ ਆਪਣੀ ਪਛਾਣ ਲੁਕਾ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਅੱਜ ਦੇ ਸਮੇਂ 'ਚ ਇਹ ਆਮ ਹੈ। ਇਹ ਇਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਹੇਠਲਾ ਪੱਧਰ ਹੈ, ਜਦੋਂ ਉਹ ਕਿਸੇ ਨੂੰ ਇਸ ਤਰ੍ਹਾਂ ਨਾਲ ਪਰੇਸ਼ਾਨ ਕਰਦੇ ਹਨ। ਅਸੀਂ ਆਪਣੇ ਡਰੈਸਿੰਗ ਰੂਮ 'ਚ ਮਾਹੌਲ ਨੂੰ ਸਹੀ ਰਖਦੇ ਹਾਂ ਤੇ ਆਪਣੇ ਖਿਡਾਰੀਆਂ ਨੂੰ ਨਾਲ ਰਖਦੇ ਹਾਂ। ਬਾਹਰ ਜੋ ਵੀ ਡਰਾਮਾ ਖੜ੍ਹਾ ਕੀਤਾ ਗਿਆ, ਉਹ ਪੂਰੀ ਤਰ੍ਹਾਂ ਨਾਲ ਟਰੋਲਰਸ ਦੀਆਂ ਗ਼ਲਤੀਅਂ ਨੂੰ ਦਿਖਾਉਂਦਾ ਹੈ।
ਪੰਡਯਾ ਹੈ ਫਿੱਟ
ਨਿਊਜ਼ੀਲੈਂਡ ਦੇ ਖ਼ਿਲਾਫ਼ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਚ ਵਿਰਾਟ ਕੋਹਲੀ ਨੇ ਹਾਰਦਿਕ ਪੰਡਯਾ ਦੀ ਫ਼ਿੱਟਨੈਸ 'ਤੇ ਵੀ ਗੱਲ ਕੀਤੀ। ਵਿਰਾਟ ਨੇ ਕਿਹਾ ਕਿ ਹਾਰਦਿਕ ਪੂਰੀ ਤਰ੍ਹਾਂ ਨਾਲ ਫਿੱਟ ਹਨ। ਜੇਕਰ ਛੇਵੇਂ ਗੇਂਦਬਾਜ਼ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਦੇ ਲਈ ਤਿਆਰ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਦੇ ਗੇਂਦਬਾਜ਼ੀ ਕਰਨ ਦੀ ਵੀ ਗੱਲ ਕੀਤੀ। ਵਿਰਾਟ ਤੋਂ ਜਦੋਂ ਸ਼ਾਰਦੁਲ ਠਾਕੁਰ ਦੇ ਟੀਮ 'ਚ ਜਗ੍ਹਾ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਾਡੀ ਪਲਾਨਿੰਗ ਦਾ ਹਿੱਸਾ ਹਨ। ਉਨ੍ਹਾਂ 'ਚ ਕਾਬਲੀਅਤ ਹੈ। ਹਾਲਾਂਕਿ ਵਿਰਾਟ ਨੇ ਇਹ ਸਾਫ਼ ਨਹੀਂ ਕੀਤਾ ਕਿ ਪਲੇਇੰਗ ਇਲੈਵਨ 'ਚ ਉਨ੍ਹਾਂ ਦੀ ਜਗ੍ਹਾ ਬਣਦੀ ਹੈ ਜਾਂ ਨਹੀਂ।